ਮਨ ਦੀ ਮੈਲ ਕੱਢੂ ਕੌਣ ?

ਮਨੁੱਖੀ ਸਰੀਰ ਕੁਦਰਤ ਦੀ ਐਸੀ ਰਚਨਾ ਹੈ ਕਿ ਇਹਦੇ ਠੀਕ ਚੱਲਣ ਲਈ ਸਮਾਂ, ਸਥਾਨ, ਖੁਰਾਕ ਤੇ ਵਰਤਾਰਾ ਆਦਿ ਸਭ ਕੁਝ ਸੀਮਾ ਅਨੁਸਾਰ ਨਿਰਧਾਰਤ ਹੈ। ਪਰ ਮਨੁੱਖ ਦੇ ਅੰਦਰਲਾ ਮਨ ਇਸ ਸਭ ਕਾਸੇ ਤੋਂ ਬੇਪਰਵਾਹ ਹੈ। ਉਹ ਮਨੁੱਖ ਨੂੰ ਸਾਰੇ ਉਹ ਕਰਮ ਕਰਨ ਲਈ ਉਕਸਾਉਂਦਾ ਹੈ, ਜੋ ਉਸਨੂੰ ਚੰਗੇ ਲੱਗਣ ਪਰ ਜੀਵਨ ਦੀ ਰੇਲ ਗੱਡੀ ਨੂੰ ਪਟੜੀ ਤੋਂ ਭੁੰਝੇ ਸੁੱਟਣ ਲਈ ਕਾਫੀ ਹੁੰਦੇ ਹਨ। ਜਿਵੇਂ ਜਿਵੇਂ ਸਾਡਾ ਮਨ ਬੇਕਾਬੂ ਹੁੰਦਾ ਜਾਂਦਾ ਹੈ, ਸਾਡੇ ਸਰੀਰਕ ਰੋਗ ਵਧਦੇ ਜਾਂਦੇ ਹਨ।

ਇਕ ਧਾਰਨਾ ਇਹ ਵੀ ਹੈ ਕਿ ਸਰੀਰ ਦੇ ਸਾਰੇ ਰੋਗਾਂ ਦੀ ਜੜ੍ਹ, ਮਨੁੱਖ ਦੀ ਆਪਣੀ ਸੋਚ ਦਾ ਬਿਮਾਰ ਹੋ ਜਾਣਾ ਹੀ ਹੈ। ਇਹ ਬਿਮਾਰੀ ਹਾਓਮੇਂ ਤੋਂ ਲੈਕੇ ਲਾਲਚ ਤੱਕ ਦਾ ਸਫਰ ਕਰ ਸਕਦੀ ਹੈ। ਇੰਨਾਂ ਬੀਮਾਰੀਆਂ ਦੇ ਹੁੰਦੇ ਸਰੀਰ ਕਦੇ ਵੀ ਠੀਕ ਕੰਮ ਨਹੀਂ ਕਰ ਸਕਦਾ। ਇਹੋ ਕਾਰਣ ਹੈ ਕਿ ਸਾਇੰਸ ਦੇ ਬੇਥਾਹ ਵਿਕਸਤ ਹੋਣ ਦੇ ਬਾਵਜੂਦ ਤੇ ਲਗਭਗ ਹਰ ਕਿਸਮ ਦੀ ਬੀਮਾਰੀ ਦਾ ਇਲਾਜ ਲੱਭ ਪੈਣ ਦੇ ਬਾਵਜੂਦ, ਸਾਰੇ ਹਸਪਤਾਲ ਭਰੇ ਪਏ ਹਨ। ਪੂਰਾਂ ਦੇ ਪੂਰ ਡਾਕਟਰਾਂ ਦੇ ਅਮੀਰ ਹੋਈ ਜਾ ਰਹੇ ਹਨ। ਮਾਨਸਿਕ ਤਣਾਅ ਵਧਣ ਕਰਕੇ ਅਦਾਲਤਾਂ ਵਿਚ ਕੇਸਾਂ ਦੇ ਭੰਡਾਰ ਲੱਗੇ ਪਏ ਹਨ। ਕਦੇ ਕਦੇ ਸੋਚਦਾਂ ਇਹ ਜ਼ਰੂਰੀ ਵੀ ਹੈ। ਜੇ ਰੋਗ ਨਾ ਹੋਣ ਤਾਂ ਡਾਕਟਰ ਬੇਕਾਰ ਹੋ ਜਾਣ, ਬਹੁਮੰਜ਼ਲੀਆਂ ਹਸਪਤਾਲਾਂ ਦੀਆਂ ਇਮਾਰਤਾਂ 'ਚ ਉੱਲੂ ਬੋਲਣ। ਜੇਕਰ ਮਾਨਸਿਕ ਤਣਾਅ, ਲਾਲਚ ਤੇ ਹਾਉਮੇ ਦੀ ਭੁੱਖ ਮਿਟ ਜਾਵੇ ਤਾਂ ਅਦਾਲਤਾਂ ਹੀ ਖਤਮ ਹੋ ਜਾਣ, ਵਕੀਲਾਂ, ਜੱਜਾਂ ਦਾ ਧੰਦਾ ਬੰਦ ਹੋ ਜਾਵੇ, ਸਭ ਤੋਂ ਵੱਡੀ ਗੱਲ, ਸਰਕਾਰਾਂ ਦੀ ਵੀ ਫੇਰ ਕੀ ਲੋੜ ਰਹਿ ਜਾਵੇਗੀ? ਖੈਰ ਜਦ ਤੱਕ ਮਨੁੱਖ ਹੈ, ਉਸਨੇ ਆਪਣੇ ਮਨ 'ਚੋਂ ਮੈਲ ਨਹੀਂ ਕੱਢਣੀ, ਬਸ ਕੰਨਾਂ 'ਚੋਂ ਹੀ ਨਿਕਲ ਜਾਵੇ, ਹਾਲੇ ਇਹੀ ਬਹੁਤ ਹੈ।