ਸੰਤ ਬਾਬੇ ਤੇ ਬੱਬੂ ਮਾਨ

ਡਾ ਗੁਰਨਾਮ ਕੌਰ
ਜੇ ਪੰਜਾਬੀ ਗਾਇਕੀ ਦੀ ਸਮੁੱਚੇ ਰੂਪ ਵਿਚ ਗੱਲ ਕਰੀਏ ਤਾਂ ਕਈ ਅਜਿਹੇ ਗਾਇਕ ਹਨ ਜਿਨਾਂ ਨੂੰ ਪਰਿਵਾਰ ਵਿਚ ਬੈਠ ਕੇ ਸੁਣਨਾ ਮੁਸ਼ਕਿਲ ਹੈ ਅਤੇ ਵੀ ਡੀ ਓਜ਼ ਤਾਂ ਬਿਲਕੁਲ ਹੀ ਵੇਖੀਆਂ ਨਹੀਂ ਜਾ ਸਕਦੀਆਂ। ਬੱਸਾਂ ਵਿਚ ਸਫਰ ਕਰਦਿਆਂ, ਘਰਾਂ ਵਿਚ ਦੇਖਦਿਆਂ ਸ਼ਰਮ ਆਉਦੀ ਹੈ ਕਿ ਗਾਇਕੀ ਦੇ ਨਾਂ ਤੇ ਕੀ ਕੁਝ ਪਰੋਸਿਆ ਜਾ ਰਿਹਾ ਹੈ? ਕੇਹੋ ਜਿਹੀ ਸੇਵਾ ਕਰ ਰਹੇ ਨੇ ਇਹ ਗਾਉਣ ਵਾਲੇ ਪੰਜਾਬੀ ਮਾਂ ਬੋਲੀ ਦੀ। ਕੇਹੋ ਜਿਹੇ ਕਪੜੇ ਇਨਾਂ ਦੀਆਂ ਵੀਡੀਓਜ਼ ਵਿਚ ਨੱਚਣ ਵਾਲੀਆਂ ਕੁੜੀਆਂ ਨੂੰ ਪਵਾਏ ਜਾਂਦੇ ਹਨ ਅਤੇ ਭੱਦੀ ਕਿਸਮ ਦੇ ਨਾਚ ਕਰਵਾਏ ਜਾਂਦੇ ਹਨ। ਉਨਾਂ ਦਾ ਸਭਿਆਚਾਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਸੰਗੀਤ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਰਾਗਾਂ ਵਿਚ ਰਚੀ ਗਈ ਹੈ ਕਿਉਕਿ ਰਾਗ ਦਾ ਤੇ ਸੰਗੀਤ ਦਾ ਸਾਡੀ ਜ਼ਿੰਦਗੀ ਤੇ ਸਿੱਧਾ ਅਸਰ ਪੈਂਦਾ ਹੈ। ਸਾਰੇ ਗਾਇਕ ਇੱਕੋ ਜਿਹੇ ਨਹੀਂ ਹਨ। ਬਹੁਤ ਸਾਰੇ ਗਾਇਕ ਤੇ ਗੀਤ ਲਿਖਣ ਵਾਲੇ ਅਜਿਹੇ ਵੀ ਹਨ ਜਿਹੜੇ ਆਪਣੀ ਮਾਂ ਬੋਲੀ ਦੀ ਆਪਣੇ ਗੀਤਾਂ ਰਾਹੀਂ ਸੇਵਾ ਕਰ ਰਹੇ ਹਨ। ਸਾਫ ਸੁਥਰੀ ਗਾਇਕੀ ਨਾਲ ਪੰਜਾਬੀ ਸਭਿਅਚਾਰ ਨੂੰ ਚਾਰ ਚੰਨ ਲਾ ਰਹੇ ਹਨ। ਇਸ ਦੀਆਂ ਰਿਵਾਇਤਾਂ ਨੂੰ ਕਾਇਮ ਕਰ ਰਹੇ ਹਨ।

ਹੁਣ ਗਲ ਕਰਦੇ ਹਾਂ ਬੱਬੂ ਮਾਨ ਦੀ ਕਿਉਂਕਿ ਅਸਲ ਵਿਚ ਉਸ ਦੀ ਨਵੀਂ ਐਲਬਮ ਤੇ ਕਾਫੀ ਵਿਵਾਦ ਪੈਦਾ ਹੋ ਗਿਆ ਹੈ। ਇਥੋਂ ਦੀ ਕੋਈ ਅਖਬਾਰ ਜਾਂ ਚੈਨਲ ਨਹੀਂ ਹੋਣਾ ਜਿਸ ਨੇ ਇਸ ਦੀ ਚਰਚਾ ਨਾ ਕੀਤੀ ਹੋਵੇ। ਆਪਣੇ ਕੰਪਿਊਟਰ ਤੇ ਵੀ ਤੁਸੀੰ ਇਹ ਚਰਚਾ ਵੇਖ ਤੇ ਸੁਣ ਸਕਦੇ ਹੋ। ਇਸ ਚਰਚਾ ਨੇ ਸੋਚਣ ਲਈ ਮਜਬੂਰ ਕੀਤਾ ਹੈ ਕਿ ਬੁਬੂ ਮਾਨ ਕਿੰਨਾ ਕੁ ਗਲਤ ਤੇ ਕਿੰਨਾ ਕੁ ਠੀਕ ਹੈ? ਬੱਬੂ ਮਾਨ ਪੰਜਾਬੀ ਗਾਇਕੀ ਦੇ ਖੇਤਰ ਵਿਚ ਇੱਕ ਸਥਾਪਿਤ ਨਾਂ ਹੈ ਜੋ ਆਪਣੇ ਗੀਤ ਲਿਖਦਾ ਵੀ ਆਪ ਹੈ ਤੇ ਗਾਉਦਾ ਵੀ ਆਪ ਹੈ। ਜਿਸ ਤਰਾਂ ਦੇ ਪੰਜਾਬੀ ਗਾਇਕਾਂ ਦਾ ਉਪਰ ਜ਼ਿਕਰ ਕੀਤਾ ਗਿਆ ਹੈ। ਬੱਬੂ ਮਾਨ ਨੇ ਵੀ ਇਸ ਤਰਾਂ ਦੇ ਲੱਚਰ ਗੀਤ ਪੰਜਾਬੀਆਂ ਦੀ ਝੋਲੀ ਪਾਏ ਹਨ। ਉਸ ਨੇ ਵੀ ਗੀਤਾਂ ਵਿਚ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਕੀਤੀਆਂ ਹਨ। ਪਰ ਜਦੋਂ ਬੱਬੂ ਮਾਨ ਨੇ ਅਜਿਹੇ ਗੀਤ ਗਾਏ ਤੇ ਲਿਖੇ ਤਾਂ ਉਸ ਨੂੰ ਕਿਸੇ ਰੋਕਿਆ ਟੋਕਿਆ ਨਹੀਂ। ਟੋਕਣਾ ਤਾਂ ਕੀ ਸੀ ਕਿਸੇ ਨੇ ਉਸ ਦਾ ਨੋਟਿਸ ਤੱਕ ਨਹੀਂ ਲਿਆ। ਹੁਣ ਬੱਬੂ ਮਾਨ ਦੀ ਨਵੀਂ ਐਲਬਮ ਆਈ ਹੈ, ''ਸਿੰਘ ਇਜ਼ ਬੈਟਰ ਦੈਨ ਕਿੰਗ' ਜਿਸ ਦੇ ਤਕਰੀਬਨ ਸਾਰੇ ਗੀਤ ਧਾਰਮਿਕ ਕਿਸਮ ਦੇ ਹਨ। ਉਸ ਦਾ ਇੱਕ ਗੀਤ , 'ਇੱਕ ਬਾਬਾ ਨਾਨਕ ਸੀ ਜਿਸ ਨੇ ਤੁਰ ਕੇ ਦੁਨੀਆ ਗਾਹਤੀ' ਬਹੁਤ ਚਰਚਾ ਵਿਚ ਹੈ। ਨਿਉਜ਼ ਚੈਨਲ ਤੇ ਕਈਆਂ ਨੂੰ ਉਸ ਦੇ ਖਿਲਾਫ ਬੋਲਦੇ ਦਿਖਾਇਆ ਗਿਆ। ਇਸ ਚਰਚਾ ਨੇ ਕਈ ਸਵਾਲ ਪੈਦਾ ਕੀਤੇ ਹਨ ਜਿਸ ਦਾ ਉਤਰ ਸਾਨੂੰ ਸਾਰਿਆਂ ਨੂੰ ਦੇਣਾ ਬਣਦਾ ਹੈ।
ਬੱਬੂ ਮਾਨ ਇੱਕ ਗਾਇਕ ਹੈ ,ਕਲਾਕਾਰ ਹੈ। ਕਲਾਕਾਰ ਦਾ ਤਾਂ ਇਹ ਫਰਜ਼ ਵੀ ਬਣਦਾ ਹੈ ਕਿ ਆਪਣੇ ਆਸ ਪਾਸ ਦੇ ਵਰਤਾਰੇ ਤੋਂ ਸਮਾਜ ਵਿਚ ਜੋ ਵਾਪਰ ਰਿਹਾ ਹੈ ਉਸ ਤੋਂ ਚੇਤੰਨ ਹੋਵੇ। ਚੇਤੰਨ ਹੋ ਕੇ ਹੀ ਕਲਾਕਾਰ ਆਪਣੀ ਕਲਾ ਰਾਹੀਂ ਸਮਾਜ ਵਿਚ ਕੋਈ ਚੇਤੰਨਤਾ, ਕੋਈ ਜਾਗ੍ਰਤੀ ਪੈਦਾ ਕਰ ਸਕਦਾ ਹੈ। ਲੋਕ ਮਾਨਸਿਕਤਾ ਨੂੰ ਜਗਾਉਣਾ ਬੁਰਾ ਕੰਮ ਨਹੀਂ, ਚੰਗਾ ਕੰਮ ਹੈ। ਗਾਇਕ ਨੇ ਇਸ ਗੀਤ ਵਿਚ ਅੱਜ ਕੱਲ ਦੇ ਧਾਰਮਿਕ ਵਰਤਾਰੇ ਦੀ, ਖਾਸ ਕਰਕੇ ਡੇਰੇ ਦੇ ਸੰਤਾਂ ਦੀ ਗਲ ਕੀਤੀ ਗਈ ਹੈ। ਜੋ ਧਾਰਮਿਕ ਪ੍ਰਚਾਰ ਦੇ ਨਾਂ ਤੇ ਸਿੱਖ ਸਮਾਜ ਤੇ ਬਹੁਤ ਹਾਵੀ ਹੋ ਗਏ ਹਨ। ਪੰਜਾਬ ਵਿਚ ਸੰਤਾਂ ਦੇ ਡੇਰਿਆਂ ਦੀ ਭਰਮਾਰ ਹੋ ਗਈ ਹੈ। ਹਰ ਚੌਥੇ ਪੰਜਵੇਂ ਮੀਲ ਤੇ ਕੋਈ ਡੇਰਾ ਮਿਲ ਜਾਂਦਾ ਹੈ। ਜਿੰਨੇ ਡੇਰੇ ਬਣ ਗਏ ਹਨ ਉਨ੍ਹੇ ਹੀ ਸਿੱਖ ਵੰਡੇ ਗਏ ਹਨ ਕਿਉਕਿ ਹਰ ਡੇਰੇ ਦੀ ਆਪਣੀ ਮਰਿਅਦਾ ਤੇ ਆਪਣਾ ਅਮ੍ਰਿਤ ਹੈ। ਸਿੱਖ ਹੁਣ ਗੁਰੁ ਨਾਨਕ ਦੇਵ ਤੇ ਗੁਰੁ ਗੋਬਿੰਦ ਸਿੰਘ ਜੀ ਦੇ ਸਿੱਖ ਘੱਟ ਅਤੇ ਡੇਰੇ ਵਾਲੇ ਸੰਤਾਂ ਦੇ ਸਿੱਖ ਜ਼ਿਅਦਾ ਬਣ ਗਏ ਹਨ। ਜਿਸ ਸੰਤ ਤੋਂ ਕਿਸੇ ਸਿੱਖ ਨੇ ਨਾਮ ਲਿਆ ਹੁੰਦਾ ਹੈ ਉਹ ਉਸੇ ਦਾ ਹੀ ਸਿੱਖ ਹੈ। ਸਵਾਲਾਂ ਵਿੱਚੋਂ ਸਵਾਲ ਪੈਦਾ ਹੁੰਦਾ ਹੈ ਆਪਣੇ ਵਲੋਂ ਕਿਸੇ ਨੂੰ ਨਾਮ ਦੇਣਾ, ਅਮ੍ਰਿਤ ਦੀ ਪ੍ਰੰਪਰਾ ਆਪਣੇ ਖਾਸ ਨਾਮ ਨਾਲ ਜੋੜ ਕੇ ਪ੍ਰਚੱਲਤ ਕਰਨਾ ਕੀ ਸਿੱਖੀ ਅਸੂਲਾਂ ਦੇ ਮੁਤਾਵਿਕ ਹੈ? ਅਗਲਾ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਪੰਚਮ ਪਾਤਸ਼ਾਹ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਰੂਪ ਵਿਚ ਬਾਣੀ ਇੱਕ ਥਾਂ ਤੇ ਇਕੱਠੀ ਕਰਕੇ ''ਪੋਥੀ ਪ੍ਰਮੇਸ਼ਰ ਕਾ ਥਾਨ" ਨਾਂ ਦੇ ਦਿੱਤਾ ਤੇ ਇਹ ਬਾਣੀ ਰਾਗਾਂ ਵਿਚ ਹੈ ਜਿਸ ਨੂੰ ਰਾਗਾਂ ਵਿਚ ਹੀ ਗਾਉਣ ਦਾ ਫੁਰਮਾਨ ਹੈ। ਗੁਰੁ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੁ ਗ੍ਰੰਥ ਸਾਹਿਬ ਦੇ ਰੂਪ ਵਿਚ ਨੌਵੇਂ ਗੁਰੁ ਦੀ ਬਾਣੀ ਸ਼ਾਮਲ ਕਰਕੇ ਗੁਰਗੱਦੀ ਗ੍ਰੰਥ ਸਾਹਿਬ ਨੂੰ ਦੇ ਕੇ ਸਿੱਖਾਂ ਨੂੰ ਗੁਰੁ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ। ਗੁਰੁ ਗ੍ਰੰਥ ਸਾਹਿਬ ਵਿਚ ਹੀ ਫੁਰਮਾਨ ਹੈ, ''ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤਾ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
 ਕੀ ਗੁਰੁ ਦੇ ਸਿੱਖ ਵਾਸਤੇ ਜਾਂ ਕਿਸੇ ਵੀ ਸੰਤ-ਬਾਬੇ ਵਾਸਤੇ ਜੋ ਆਪਣੇ ਆਪ ਨੂੰ ਸਿੱਖ ਧਰਮ ਦਾ ਪ੍ਰਚਾਰਕ ਵੀ ਕਹਾਉਦਾ ਹੈ, ਆਪਣੇ ਕੋਲੋ ਜੋੜੀ ਹੋਈ ਬਾਣੀ ਦਾ ਕੀਰਤਨ ਕਰਨਾ ਵਾਜਬ ਹੈ? ਕੀ ਇਹ ਗੁਰਮਤਿ ਦੇ ਖਿਲਾਫ ਨਹੀਂ? ਕੀ ਇਹ ਮਨਮਤਿ ਨਹੀਂ?ਅਗਲਾ ਪ੍ਰਸ਼ਨ ਇਹ ਹੈ ਕਿ ਗੁਰੁ ਦੇ ਸਿੱਖ ਨੂੰ ਆਪਣੇ ਆਪ ਦੀ ਤੁਲਨਾ ਗੁਰੁ ਨਾਨਕ ਨਾਲ ਕਰਨੀ ਸ਼ੋਭਾ ਦਿੰਦੀ ਹੈ? ਗੁਰੁ ਨਾਨਕ ਜੀ ਦੀ ਬਾਣੀ ਨੂੰ ਧਿਆਨ ਨਾਲ ਪੜੀਏ ਤਾਂ ਉਸ ਵਿਚ ਘੋੜਿਆਂ, ਹਾਥੀਆਂ, ਰੱਥਾਂ ਦਾ ਜ਼ਿਕਰ ਹੈ। ਇਸ ਦਾ ਅਰਥ ਇਹ ਹੋਇਆ ਕਿ ਉਸ ਵੇਲੇ ਇਨ੍ਹਾਂ ਨੂੰ ਸਵਾਰੀ ਲਈ ਵਰਤਿਆ ਜਾਂਦਾ ਸੀ। ਗੁਰੁ ਨਾਨਕ ਚਾਹੁੰਦੇ ਤਾਂ ਇਨਾ੍ਹਂ ਵਿਚੋਂ ਸਵਾਰੀ ਦਾ ਕੋਈ ਵੀ ਸਾਧਨ ਚੁਣ ਸਕਦੇ ਸਨ। ਗੁਰੁ ਨਾਨਕ ਚਾਹੁੰਦੇ ਤਾਂ ਆਪਣੇ ਨਾਲ ਜਿੰਨਾਂ ਮਰਜ਼ੀ ਲਾਮ ਲਸ਼ਕਰ ਲੈ ਕੇ ਤੁਰ ਸਕਦੇ ਸਨ ਪਰ ਉਨਾ੍ਹਂ ਨਾਲ ਤਾਂ ਭਾਈ ਗੁਰਦਾਸ ਦੇ ਸ਼ਬਦਾਂ ਵਿਚ, '' ਇੱਕ ਰਬਾਬੀ ਮਰਦਾਨਾ" ਸੀ। ਮਰਦਾਨਾ ਰਬਾਬ ਬਜਾਉਦਾ ਸੀ ਤੇ ਬਾਬਾ ਜੀ ਬਾਣੀ ਦਾ ਕੀਰਤਨ ਕਰਦੇ ਸਨ। ਇਸ ਕੀਰਤਨ ਰਾਹੀਂ ਬਾਬਾ ਜੀ ਨੇ ਹਿੰਂਦੋਸਤਾਨ ਦੇ ਲੋਕਾਂ ਵਿਚ ਨਵੀਂ ਚੇਤਨਾ ਪੂਦਾ ਕੀਤੀ, ਮੁਰਦਾ ਲੋਕਾਂ ਵਿਚ ਜਾਨ ਭਰ ਦਿੱਤੀ,ਡੁੱਬਦਿਆਂ ਨੂੰ ਤਾਰ ਦਿੱਤਾ। ਗੁਰੁ ਨਾਨਕ ਬਾਬੇ ਜੋ ਪ੍ਰਚਾਰਿਆ ਉਸ ਨੂੰ ਅਮਲੀ ਰੂਪ ਵਿਚ ਕਰਕੇ ਵਿਖਾਇਆ। ਜਦੋਂ ਉਦਾਸੀਆਂ ਤੋਂ ਬਾਅਦ ਆ ਕੇ ਕਰਤਾਰਪੁਰ ''ਮੰਜੀ ਬੈਠ ਕੀਆ ਅਵਤਾਰਾ" ਵਸਾਇਆ ਤਾਂ ਆਪਣੇ ਹੱਥੀਂ ਕਿਰਤ ਕਰਕੇ, ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਰਸਤਾ ਦਿਖਾਇਆ। ਸੰਤ ਬਾਬਿਆਂ ਨੂੰ ਪਤਾ ਹੋਏਗਾ ਕਿ ਭਾਈ ਲਹਿਣਾ (ਗੁਰੁ ਅਗੰਦ ਦੇਵ ਜੀ) ਜਦੋਂ ਬਾਬੇ ਨਾਨਕ ਨੂੰ ਮਿਲਣ ਆਏ ਤਾਂ ਆਪਣੀ ਵਡੇਰੀ ਉਮਰ ਦੇ ਵਾਬਜੂਦ ਗੁਰੁ ਨਾਨਕ ਆਪਣੇ ਸਿਰ ਤੇ ਪੱਠਿਆਂ ਦੀ ਪੰਡ ਚੁੱਕੀ ਆ ਰਹੇ ਸੀ। ਗੁਰਬਾਣੀ ਸਿੱਖ ਨੂੰ ਹਰ ਤਰਾਂ ਦੇ ਭੈਅ ਤਿਆਗ ਕੇ ਇੱਕ ਅਕਾਲ ਪੁਰਖ ਦੇ ਭੈਅ ਅਤੇ ਭਉ ਵਿਚ ਜਿਉਣ ਦੀ ਸਿਖਿਆ ਦਿੰਦੀ ਹੈ। ਇਹ ਸੰਤ ਬਾਬੇ ਲੋਕਾਂ ਨੂੰ ਬਾਰ ਬਾਰ ਮੌਤ ਦਾ ਡਰ ਦੇ ਕੇ, ਯਮਾਂ ਦਾ ਭੈਅ ਦਿਖਾ ਕੇ ਮਾਇਆ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਕਰਦੇ ਹਨ ਪਰ ਆਪ ਮਾਇਆ ਵਿਚ ਖੇਡਦੇ ਹਨ। ਅਜ ਕਲ ਗੱਡੀਆਂ, ਹਵਾਈ ਜਹਾਜ਼ਾਂ ਦਾ ਜ਼ਮਾਨਾ ਹੈ। ਬਿਲਕੁਲ ਠੀਕ ਹੈ ਕਿ ਗੱਡੀ ਤੋਂ ਬਿਨਾ੍ਹਂ ਕਿਤੇ ਆਉਣਾ ਜਾਣਾ ਔਖਾ ਹੈ ਪਰ ਕੀ ਸੰਤ ਮਹਿੰਗੀਆਂ ਗੱਡੀਆਂ ਰੱਖ ਕੇ ਸਿੱਧਾ ਸਾਦਾ ਸੰਤਾਂ ਵਾਲਾ ਜੀਵਨ ਜਿਉਣ ਦੀ ਥਾਂ ਮਾਇਆਧਾਰੀ ਜੀਵਨ ਨਹੀਂ ਬਸਰ ਕਰ ਰਹੇ? ਕੀ ਇਹ ਗੱਡੀਆਂ ਕੋਈ '' ਭਾਈ ਲਾਲੋ" ਦੇ ਸਕਦਾ ਹੈ? ਕੀ ਇਹ ਕਿਸੇ ਮਲਿਕ ਭਾਗੋਆਂ ਦੀ ਕਮਾਈ ਵਿਚੋਂ ਨਹੀਂ ਆਂ ਰਹੀਆਂ? ਰਹੀ ਗੱਲ ''ਲਾਲ ਬੱਤੀ" ਦੀ, ਲਾਲ ਬੱਤੀ ਸਰਕਾਰੀ ਅਫਸਰਾਂ, ਅਹੁਦੇਦਾਰਾਂ ਜਾਂ ਅਸੈਂਬਲੀ, ਪਾਰਲੀਮੈਂਟ ਦੇ ਮੈਂਬਰਾਂ, ਐਮਬੂਲੈਸਾਂ ਤੇ ਵਜ਼ੀਰਾਂ ਦੀ ਗੱਡੀ ਉਪਰ ਲੱਗਦੀ ਹੈ। ਇਹ ਇੱਕ ਪਛਾਣ ਚਿੰਨ ਹੈ, ਇੱਕ ਸਟੇਟਸ ਸਿੰਬਲ ਹੈ। ਕੀ ਸੰਤਾਂ ਨੂੰ ਇਸ ਦੀ ਲੋੜ ਹੈ? ਪਾਲੀਟੀਸ਼ੀਅਨ ਜਾਂ ਸਰਕਾਰਾਂ ਤਾਂ ਬਾਬਿਆਂ ਨੂੰ ਇਸ ਲਈ ਅਬਲਾਈਜ਼ ਕਰਦੀਆਂ ਹਨ ਕਿਉਕਿ ਉਨਾ੍ਹਂ ਨੂੰ ਵੋਟਾਂ ਸੰਤਾਂ ਨੇ ਪੁਆਉਣੀਆਂ ਹਨ ਅਪਣੀ ਸੰਗਤ ਕੋਲੋ।
ਬਾਬੇ ਨਾਨਕ ਨੂੰ ਲੋਕੀਂ ਬਥੇਰਾ ਕੁੱਝ ਕਹਿੰਦੇ ਸੀ। ਬਾਬੇ ਨੇ ਆਪ ਲਿਖਿਆ ਹੈ, ''ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ"। ਪਰ ਬਾਬੇ ਨਾਨਕ ਨੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕਿਉ ਬੋਲੇ ਜਿਸ ਵਿਚ ਛੱਤੀ ਸੌ ਛੇਕ। ਬਾਬੇ ਨਾਨਕ ਨੇ ਤਾਂ ਸੱਜਣ ਠੱਗ, ਭੂਮੀਏ ਚੋਰ ਅਤੇ ਕੌਡੇ ਰਾਕਸ਼ ਵਰਗੇ ਅਨੇਕਾਂ ਨੂੰ ਤਾਰ ਦਿੱਤਾ। ਉਨਾ੍ਹਂ ਨੇ ਕਦੇ ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਿਆ। ਪੈਦਲ ਤੁਰ ਕੇ ਹੀ ਦੁਨੀਆਂ ਤਾਰ ਦਿੱਤੀ। ਅੱਜ ਪਂਜਾਬ ਵਿਚ ਏਨੇ ਸੰਤ ਹਨ। ਉਨਾ੍ਹਂ ਕੋਲ ਜਾਣ ਆਉਣ ਲਈ ਤੇਜ਼ ਤਰਾਰ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਹਨ, ਫਿਰ ਕਿਉ ਪੰਜਾਬ ਦੀ ਜੁਆਨੀ ਸ਼ਰਾਬ, ਅਫੀਮ, ਸਮੈਕ, ਭੁੱਕੀ, ਤਮਾਕੂ ਅਤੇ ਨਸ਼ੇ ਦੇ ਟੀਕਿਆਂ ਤੇ ਗੋਲੀਆਂ ਵਿਚ ਰੁੜੀ  ਜਾ ਰਹੀ ਹੈ। ਜੇ ਗੱਡੀਆਂ ਨਵੇਂ ਜ਼ਮਾਨੇ ਦੀ ਕਾਢ ਹਨ ਤਾਂ ਕੈਪ ਲਗਾ ਕੇ ਜੁਆਨੀ ਨੂੰ ਨਸ਼ੇ ਕਰਨੋ ਰੋਕਣਾ ਵੀ ਨਵੇਂ ਜ਼ਮਾਨੇ ਦੀ ਕਾਢ ਹੈ। ਇਹ ਸੰਤ ਬਾਬੇ ਕਿੰਨਾ ਕੁ ਪਿੰਡਾਂ, ਗਲੀਆਂ, ਮੁਹੱਲਿਆਂ ਤੱਕ ਪਹੁੰਚ ਕਰਕੇ ''ਛੱਤੀ ਸੌ ਛੇਕਾਂ" ਵਾਲੀ ਜੁਆਨੀ ਦਾ ਸੁਧਾਰ ਕਰ ਰਹੇ ਹਨ। ਬਾਬਿਆਂ ਨੂੰ ਕੋਈ ਤੋੜ ਨਹੀਂ ਫਿਰ ਵੀ ਪੰਜਾਬ ਦੀ ਜੁਆਨੀ ਕਿਉ ਨਸ਼ਿਆਂ ਵਿਚ ਰੁੜੀ ਜਾ ਰਹੀ ਹੈ? ਕੀ ਇਹ ਸਾਰਾ ਕੁੱਝ ''ਰੋਟੀਆਂ ਕਾਰਨ ਪੂਰੈ ਤਾਲਿ" ਤਾਂ ਨਹੀਂ ਹੈ?ਗੁਰੁ ਦੇ ਸਿੱਖ ਨੂੰ ਫਤਹਿ ਬੁਲਾਉਣ ਦੀ ਆਗਿਆ ਗੁਰੂ ਨੇ ਕੀਤੀ ਹੈ। ਫਿਰ ਇਹ ਛੋਟੀਆਂ ਛੋਟੀਆਂ ਉਮਰਾਂ ਦੇ ਸੰਤ ਆਪਣੀਆਂ ਮਾਵਾਂ ਦੇ ਹਾਣ ਦੀਆਂ ਬੀਬੀਆਂ ਜਾਂ ਕਿਸੇ ਵੀ ਬੰਦਿਆਂ ਕੋਲੋ ਪੈਰੀਂ ਹੱਥ ਕਿਉਂ ਲਗਵਾਉਦੇ ਹਨ? ਮੱਥੇ ਕਿਉ ਟਿਕਵਾਉਦੇ ਹਨ? ਕੀ ਉਹ ਗੁਰੁ ਨਾਨਕ ਹੋ ਗਏ ਹਨ? ਜੇ ਉਹ ਆਪਣੇ ਆਪ ਨੂੰ ਗੁਰਮਤਿ ਦਾ ਪ੍ਰਚਾਰਕ ਕਹਿ ਕੇ ਫਿਰ ਗੁਰੂ ਦੇ ਸਿੱਖ ਦੀ ਤਰਾਂ ਵਰਤਾਉ ਕਰਨ, ਗੁਰੁ ਵਾਂਗ ਕਿਉਂ ਕਰਦੇ ਹਨ? ਸਿੱਖ ਨੂੰ ਗੁਰੁ ਦੇ ਲੜ ਲਾਉਣ ਨਾ ਕਿ ਆਪਣੇ।
ਇੱਕ ਗੱਲ ਇਥੇ ਕਾਰ ਸੇਵਾ ਵਾਲੇ ਬਾਬਿਆਂ ਬਾਰੇ ਵੀ ਕਹਿਣਾ ਚਾਹਾਂਗੀ। ਤਕਰੀਬਨ ਅੱਜ ਤੋਂ ਚੌਦਾ ਪੰਦਰਾਂ ਸਾਲ ਪਹਿਲਾਂ ਮੈਂ ਨੈਣੀਤਾਲ (ਯੂ ਪੀ) ਗਈ ਸੀ ਗਰਮੀਆਂ ਦੀਆਂ ਛੁੱਟੀਆਂ ਵਿਚ। ਉਥੇ ਕਾਂਸ਼ੀਪੁਰ, ਬਾਜਪੁਰ ਦੇ ਇਲਾਕੇ ਵਿਚ ਸਾਡੀਆਂ ਕਈ ਰਿਸ਼ਤੇਦਾਰੀਆਂ ਨੇ। ਸਾਡੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਮੇਰੇ ਕੋਲੋਂ ਪੁਛਿਆਂ ਕਿ ਤੁਸੀਂ ਇੱਕ ਖਾਸ ਖੇਤਰ ਵਿਚ ਪ੍ਰੋਫੈਸਰ ਹੋ। ਸਾਨੂੰ ਦੱਸੋ ਕਿ ਕਾਰ ਸੇਵਾ ਵਾਲੇ ਬਾਬਿਆਂ ਦਾ ਕੋਈ ਇਲਾਜ ਨਹੀਂ? ਹਾੜੀ ਅਤੇ ਫਸਲ ਆਉਣ ਤੋਂ ਪਹਿਲਾਂ ਹੀ ਵੀਹ ਵੀਹ ਖਾਲੀ ਬੋਰੀਆਂ ਸੁੱਟ ਜਾਂਦੇ ਹਨ ਕਣਕ ਅਤੇ ਚੌਲਾਂ ਦੀਆਂ ਭਰ ਕੇ ਰੱਖਣ ਲਈ। ਇਸ ਦਾ ਫੈਸਲਾਂ ਸਿੱਖ ਜਗਤ ਕਰੇ ਕਿ ਕੀ ਜਬਰੀ ਦਾਨ ਲੈਣ ਦੀ ਸਿੱਖ ਧਰਮ ਵਿਚ ਵਿਵਸਥਾ ਹੈ? ਜੇ ਨਹੀਂ ਹੈ ਤਾਂ  ਆਮ ਆਦਮੀ ਨੂੰ ਕਿਉ ਤੰਗ ਕੀਤਾ ਜਾਂਦਾ ਹੈ? ''ਜ਼ੋਰੀਂ ਮੰਗੈ ਦਾਨੁ ਵੇ ਲਾਲੋ" ਵਰਗਾ ਕੰਮ ਕਿਉ ਕੀਤਾ ਜਾਂਦਾ ਹੈ।
ਕਲਾਕਾਰ ਦਾ ਆਪਣਾ ਖੇਤਰ ਹੈ। ਉਹ ਸਮਾਜ ਵਿਚ ਰਹਿੰਦਾ ਹੈ। ਜੋ ਸਮਾਜ ਭਲੇ ਵਰਗੀ ਕੋਈ ਗਲ ਕਰਦਾ ਹੈ ਤਾਂ ਉਸ ਦੀ ਨਿੰਦਾ ਦੀ ਥਾਂ ਉਸ ਦੀ ਵਡਿਆਈ ਕਰਨੀ ਬਣਦੀ ਹੈ। ਬੱਬੂ ਮਾਨ ਨੇ ਇੱਕ ਵਧੀਆ ਐਲਬਮ ਦਿੱਤੀ ਹੈ ਚੇਤਨਾ ਨੂੰ ਜਗਾਉਣ ਵਾਲੀ। ਉਸ ਦਾ ਸਵਾਗਤ ਕਰਨਾ, ਉਸ ਦੀ ਵਡਿਆਈ ਕਰਨੀ ਬਣਦੀ ਹੈ। ਉਹ ਅਪਣਾ ਫਰਜ਼ ਨਿਭਾ ਰਿਹਾ ਹੈ, ਉਸ ਨੂੰ ਨਿਭਾਉਣ ਦਿਉ। ਦੂਸਰੇ ਪਾਸੇ ਸਾਰੇ ਸੰਤ ਬਾਬੇ ਵੀ ਇੱਕੋ ਜਿਹੇ ਨਹੀਂ ਹੁੰਦੇ। ਮੈਂ ਯੁਨੀਵਰਸਿਟੀ ਤੋਂ ਸੇਵਾ ਮੁਕਤ ਹੋ ਕੇ ਦੋ ਸਾਲ ਤੋਂ ਖੰਟ ਮਾਨ ਪੁਰ (ਬੱਬੂ ਮਾਨ ਦੇ ਪਿੰਡ) ਬੀਬੀ ਭਾਨੀ ਗਰਲਜ਼ ਕਾਲਜ ਦੀ ਪ੍ਰਿਸੀਪਲ ਰਹੀ ਹਾਂ ਅਤੇ ਹੁਣ ਵੀ ਉਥੋਂ ਛੁੱਟੀ ਤੇ ਹੀ ਹਾਂ। ਕਾਲਜ ਦੀ ਬੜੀ ਹੀ ਸ਼ਾਨਦਾਰ ਇਮਾਰਤ ਹੈ। ਇਹ ਇਮਾਰਤ ਸੰਤ ਅਜੀਤ ਸਿੰਘ ਹੰਸਾਲੀ-ਖੇੜਾ ਵਾਲਿਆਂ ਵਲੋਂ ਭੇਜੀ ਮਾਇਆ ਨਾਲ ਹੀ ਉਸਾਰੀ ਗਈ ਹੈ। ਉਨਾ੍ਹਂ ਦਾ ਕਾਲਜ ਨਾਲ ਹੋਰ ਕੋਈ ਸੰਬੰਧ ਨਹੀਂ, ਏਨਾ ਹੀ ਸੰਬੰਧ ਹੈ ਕਿ ਇਹ ਪਿੰਡਾਂ ਦੀਆਂ ਲੜਕੀਆਂ ਲਈ ਉਸਾਰਿਆ ਗਿਆ ਹੈ ਅਤੇ ਲੜਕੀਆਂ ਨੂੰ ਵਿਦਿਆ ਦਾਨ ਦੇਣਾ ਗੁਰੁ ਦੀ ਸੇਵਾ ਕਰਨੀ ਹੈ। ਉਨਾ੍ਹਂ ਨੇ ਸਿਰਫ ਇਸ ਕਾਲਜ ਦੀ ਹੀ ਮਦਦ ਹੀ ਨਹੀਂ ਕੀਤੀ ਸਗੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਵਿਖੇ ਗਰੀਬ ਬੱਚਿਆਂ ਲਈ ਉਸਾਰੇ ਗਏ ਇੰਜਨੀਅਰਿੰਗ ਕਾਲਜ ਵਿਚ ਬਹੁਤ ਸਹਾਇਤਾ ਕੀਤੀ ਹੈ। ਸੰਤ ਸੀਚੇਵਾਲ ਵੀ ਹਨ ਜੋ ਪਵਿੱਤਰ ਵੇਈਂ ਦੀ ਕਾਰ ਸੇਵਾ ਦੇ ਕਾਰਜ ਵਿਚ ਲੱਗੇ ਹੋਏ ਹਨ ਅਤੇ ਇਸ ਨੂੰ ਪ੍ਰਦੂਸ਼ਿਤ ਰਹਿਤ ਕਰਨ ਦੀ ਸੇਵਾ ਨਿਭਾਅ ਰਹੇ ਹਨ। ਇਸ ਤਰਾ੍ਹਂ ਖਡੂਰ ਸਾਹਿਬ ਵਾਲੇ ਸੰਤ ਖਡੂਰ ਸਾਹਿਬ ਵਿਖੇ ਗੁਰੁ ਅੰਗਦ ਦੇਵ ਜੀ ਦੀ ਚਲਾਈ ਖੇਡਾਂ ਦੀ ਪ੍ਰੰਪਰਾ ਨੂੰ ਪੁਨਰ ਸੁਰਜੀਤ ਕਰ ਰਹੇ ਹਨ ਅਤੇ ਵਾਤਾਵਰਣ ਦੇ ਸੁਧਾਰ ਲਈ ਦਰਖਤ ਲਗਾਉਣ ਦੀ ਮੁੰਿਹਮ ਸ਼ੁਰੂ ਕੀਤੀ ਹੈ। ਸੰਤ ਬਾਬਾ ਸੁੱਚਾ ਸਿੰਘ ਜਵੱਦੀ ਕਲਾਂ ਵਾਲਿਆਂ ਨੇ ਗੁਰਬਾਣੀ ਦਾ ਕੀਰਤਨ ਨਿਰਧਾਰਤ ਰਾਗਾਂ ਵਿਚ ਕਰਾ ਕੇ ਉਸ ਨੂੰ ਸਾਂਭਣ ਦਾ ਕਾਰਜ ਅਰੰਭ ਕੀਤਾ ਅਤੇ ਹਰ ਸਾਲ ਸਮਾਗਮ ਰਚਾਉਦੇ ਰਹੇ। ਗੁਰਮਤਿ ਦੀ ਚੇਤਨਾ ਦਾ ਪ੍ਰਵਾਹ ਚਲਾਉਣ ਲਈ ਹੋਰ ਵੀ ਅਨੇਕਾਂ ਅਕਾਦਮਿਕ ਕਾਰਜ ਅਰੰਭ ਕੀਤੇ। ਅਜਿਹੇ ਸੰਤਾਂ ਦੀ ਸਮਾਜ ਨੂੰ ਲੋੜ ਹੈ ਜਿਹੜੇ, '' ਬ੍ਰਹਮ ਗਿਆਨੀ ਪਰਉਪਕਾਰ ਉਮਾਹਾ" ਦੀ ਭਾਵਨਾ ਤਹਿਤ ਜੀਵਨ ਵਸਰ ਕਰਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਕੁਝ ਕਹਿਣ ਤੇ ਗੁੱਸਾ ਨਹੀਂ ਅਉਂਦਾ।