ਸਿੱਖ ਵਿਦਿਆਰਥੀ ਦੀ ਬੇਪਤੀ ਤੋਂ ਆਸਟ੍ਰੇਲੀਅਨ ਸਿੱਖਾਂ ਵਿਚ ਰੋਸ

ਮੈਲਬਰਨ, 3 ਜੁਲਾਈ  : ਆਸਟ੍ਰੇਲੀਆ ਵਿਚ ਨਸਲੀ ਹਮਲਿਆਂ ਦੀ ਗਿਣਤੀ ਹਰ ਰੋਜ਼ ਵਧਣ ਦੀ ਪਿੱਠ ਭੂਮੀ ਵਿਚ ਪੰਜਾਬ ਤੋਂ ਪੜ੍ਹਨ ਆਏ ਸਿੱਖ ਵਿਦਿਆਰਥੀ ਰੇਸ਼ਮ ਸਿੰਘ ਦੀ ਡੈਡੀਨੌਂਗ ਇਲਾਕੇ ਦੇ ਸਟੇਸ਼ਨ 'ਤੇ ਹੁੱਲੜਬਾਜ਼ਾਂ ਵੱਲੋਂ ਬੇਪਤੀ ਕੀਤੇ ਜਾਣ 'ਤੇ ਆਸਟਰੇਲੀਆ ਦੀ ਲਗਪਗ ਸਾਰੀਆਂ ਸਿੱਖ ਸੰਸਥਾਵਾਂ ਨੇ ਸਖਤ ਰੋਸ ਜਤਾਇਆ ਹੈ।  ਇਸ ਸਬੰਧੀ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਅਖੰਡ ਕੀਰਤਨੀ ਜਥੇ ਵੱਲੋਂ ਮੈਲਬਰਨ ਦੇ ਸਾਰੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਰੇਗੀਬਰਨ ਗੁਰੂਘਰ  ਵਿਚ ਐਤਵਾਰ ਨੂੰ ਹੰਗਾਮੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ।  ਸਿੱਖ ਫੈਡਰੇਸ਼ਨ ਦੇ ਬੁਲਾਰੇ ਭਾਈ ਦਲਜੀਤ ਸਿੰਘ ਰਾਣਾ ਨੇ ਇਸ ਸਿੱਖ ਵਿਦਿਆਰਥੀ ਦਾ ਕੇਸ ਕਾਨੂੰਨੀ ਤੌਰ 'ਤੇ ਇਸ ਸੰਸਥਾ ਵੱਲੋਂ ਲੜੇ ਜਾਣ ਦੀ ਗੱਲ ਵੀ ਕਹੀ ਹੈ।  ਮੈਲਬਰਨ ਇਕਾਈ ਤੋਂ ਫੈਡਰੇਸ਼ਨ ਦੀ ਪ੍ਰਤੀਨਿਧਤਾ ਕਰਦੇ ਭਾਈ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਸ ਅਸਹਿਣਯੋਗ ਘਟਨਾ ਦੇ ਸਬੰਧ ਵਿਚ ਵਿਕਟੋਰੀਆ ਦੇ ਪ੍ਰੀਮੀਅਰ ਜੌਹਨ ਬਰੰਬੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਸਿਡਨੀ ਤੋਂ ਇਸੇ ਸੰਸਥਾ ਦੇ ਕੌਮੀ ਪ੍ਰਧਾਨ ਭਾਈ ਮਨਜੀਤ ਸਿੰਘ ਪੁਰੇਵਾਲ, ਭਾਈ ਜਸਪਾਲ ਸਿੰਘ, ਸੁਖਰਾਜ ਸਿੰਘ ਸੰਧੂ, ਸਰਬਰਿੰਦਰ ਸਿੰਘ ਰੂਮੀ, ਮੈਲਬਰਨ ਤੋਂ ਭਾਈ ਹਰਕੀਰਤ ਸਿੰਘ, ਜਸਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਸਿੱਖ ਪਹਿਚਾਣ ਦੀ ਚੜ੍ਹਦੀ ਕਲਾਂ ਲਈ ਉਪਰਾਲਿਆਂ ਤਹਿਤ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਤੇ

ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਕਾਨੂੰਨੀ ਪੈਰਵੀ ਕਰਨ ਅਤੇ ਸਰਕਾਰ ਨਾਲ ਗੱਲਬਾਤ ਦਾ ਫੌਰੀ ਪ੍ਰੋਗਰਾਮ ਉਲੀਕਣ ਦੀ ਗੱਲ ਕਹੀ ਹੈ।  ਜ਼ਿਕਰਯੋਗ ਹੈ ਕਿ ਸਿੱਖ ਵਿਦਿਆਰਥੀ ਦੇ ਕੇਸਾਂ ਦੀ ਬੇਅਦਬੀ ਕਰਨ ਦੀ ਘਟਨਾ ਦੀ ਰੇਡੀਓ 'ਤੇ ਟਾਕ ਸ਼ੋਅ 'ਚ ਨਿੰਦਾ ਕੀਤੀ ਗਈ, ਇੱਥੋਂ ਦੇ ਪ੍ਰਮੁੱਖ ਰੇਡੀਓ ਏ ਬੀ ਸੀ ਅਤੇ ਆਸਟ੍ਰੇਲੀਆ ਲੋਕਾਂ ਨੇ ਸਿੱਖਾਂ ਦੇ ਮਾਣਮੱਤੇ ਇਤਿਹਾਸ ਦਾ ਜ਼ਿਕਰ ਕਰਦਿਆਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੀ ਮੰਗ ਕੀਤੀ ਹੈ ਅਤੇ ਵਿਸ਼ਵ ਯੁੱਧ ਤੱਕ ਬਹਾਦਰੀ ਨਾਲ ਜੂਝਣ ਵਾਲੀ ਇਸ ਕੌਮ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਗਈ।
 ਇਸੇ ਦੌਰਾਨ ਪੀ ਟੀ ਆਈ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਵਿਦਿਆਰਥੀਆਂ ਦੀ ਸਰਵ ਉਚ ਜਥੇਬੰਦੀ, ਆਸਟਰੇਲੀਅਨ ਫੈਡਰੇਸ਼ਨ ਆਫ ਇੰਟਰਨੈਸ਼ਨਲ ਸਟੂਡੈਂਟਸ ਏ ਐਫ ਆਈ ਐਸ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਕਿਹਾ ਹੈ ਕਿ ਉਹ ਦੇਸ਼ ਭਰ ਵਿਚ ਮਾਰੇ ਗਏ ਵਿਦੇਸ਼ੀ ਵਿਦਿਆਰਥੀ ਭਾਰਤੀਆਂ ਸਮੇਤ ਦੀਆਂ ਮੌਤਾ ਦੇ ਕਾਰਨ ਅਤ ਹੋਰ ਵੇਰਵਿਆਂ ਬਾਰੇ ਫੌਰਨ ਵੇਰਵੇ ਇਕੱਠੇ ਕਰਨ।
 ਹਾਲ ਦੀ ਵਿਚ ਆਸਟ੍ਰੇਲਿਆਈ ਸਰਕਾਰ ਨੇ ਇੰਕਸ਼ਾਫ ਕੀਤਾ ਸੀ ਕਿ ਨਵੰਬਰ 2008 ਤੋਂ ਪਹਿਲੇ 12 ਮਹੀਨਿਆਂ ਦੌਰਾਨ ਦੇਸ਼ ਵਿਚ 51 ਵਿਦੇਸ਼ੀ ਵਿਦਿਆਰਥੀ ਮਾਰੇ ਗਏ ਸਨ ਜਿਨ੍ਹਾਂ 'ਚੋਂ 34 ਦੀਆਂ ਮੌਤਾਂ ਦੇ ਕਾਰਨਾਂ ਬਾਰੇ ਕਿਸੇ ਨੂੰ ਕੋਈ ਵੇਰਵੇ ਹੀ ਪਤਾ ਨਹੀਂ ਹਨ। ਵਿਦਿਆਰਥੀ ਜਥੇਬੰਦੀ ਨੇ ਸਪਸ਼ੱਟ ਕੀਤਾ ਕਿ ਇਹ ਪਤਾ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਮੌਤਾਂ ਕਤਲ ਹਨ ਜਾਂ ਫੇਰ ਖੁਦਕੁਸ਼ੀਆਂ।