ਰੂਸ ਨੂੰ ਪੁਰਾਣੇ ਤੌਰ ਤਰੀਕੇ ਭੁੱਲਣ ਦੀ ਅਮਰੀਕਾ ਵੱਲੋਂ ਸਲਾਹ

ਵਾਸ਼ਿੰਗਟਨ,3 ਜੁਲਾਈ   : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਰੂਸ ਨੂੰ ਇਹ  ਸਮਝਣਾ ਹੋਵੇਗਾ ਕਿ ਉਸ ਪ੍ਰਤੀ ਸ਼ੀਤ ਯੁੱਧ ਦੇ ਦਿਨਾਂ ਵਰਗਾ ਰਵੱਈਆ ਹੁਣ ਪੁਰਾਣੇ ਸਮੇਂ ਦੀ ਗੱਲ ਹੈ। ਇਕ ਇੰਟਰਵਿਊ ਦੌਰਾਨ ਬਰਾਕ ਓਬਾਮਾ ਨੇ ਕਿਹਾ ਕਿ ਉਹ ਅਗਲੇ ਹਫਤੇ ਆਪਣੀ ਰੂਸੀ ਯਾਤਰਾ ਦੌਰਾਨ ਉਥੋਂ ਦੇ ਪ੍ਰਧਾਨ ਵਲਾਦਿਮੀਰ ਪੁਤਿਨ ਨਾਲ ਇਹ ਮੁੱਦਾ ਚੁੱਕਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਰੂਸ ਦੇ ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਪੁਤਿਨ ਕਾਫੀ ਸਮਝਦਾਰ ਵਿਅਕਤੀ ਹਨ ਅਤੇ ਹੁਣ ਵੀ ਉਨ੍ਹਾਂ ਦੀ ਰੂਸ ਉਪਰ ਪੁਰੀ ਪਕੜ ਹੈ। ਉਨ੍ਹਾਂ ਕਿਹਾ ਕਿ ਪੁਤਿਨ ਪੁਰਾਣੇ ਤੌਰ ਤਰੀਕਿਆਂ ਨਾਲ ਵੀ ਕੰਮ ਕਰਵਾਉਣਾ ਜਾਣਦੇ ਹਨ ਅਤੇ ਨਵੇਂ ਤਰੀਕਿਆਂ ਤੋਂ ਵੀ ਉਹ ਭਲੀਭਾਂਤ ਜਾਣੂ ਹਨ।  ਬਰਾਕ ਓਬਾਮਾ ਸੋਮਵਾਰ  ਤੋਂ ਆਪਣੀ ਰੂਸ ਯਾਤਰਾ ਦੇ ਜਾ ਰਹੇ ਹਨ। ਇਸ ਦੌਰਾਨ ਉਹ ਪ੍ਰਮਾਣੂ ਹਥਿਆਰ ਘਟਾਉਣ ਵਰਗੇ ਮੁੱਦਿਆਂ 'ਤੇ ਗੱਲਬਾਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਰੂਸ ਯਾਤਰਾ ਸਫਲ ਹੋਵੇਗੀ। ਜ਼ਿਕਰਯੋਗ ਹੈ ਕਿ ਮਈ 'ਚ ਰੂਸੀ ਅਤੇ ਅਮਰੀਕੀ ਅਧਿਕਾਰੀਆਂ ਵਿਚਕਾਰ ਪ੍ਰਮਾਣੂ ਹਥਿਆਰ ਘੱਟ ਕਰਨ ਨੂੰ ਲੈ ਕੇ ਗੱਲਬਾਤ ਹੋਈ ਸੀ। ਇਸ ਤੋਂ ਇਲਾਵਾ ਬਰਾਕ ਓਬਾਮਾ ਨੇ ਇਹ ਵੀ ਕਿਹਾ ਕਿ ਉਹ ਇਰਾਨ ਅਤੇ ਉੱਤਰੀ ਕੋਰੀਆ ਨਾਲ ਨਿਪਟਣ

'ਚ ਰੂਸ ਨੂੰ ਅੜਿੱਕਾ ਨਹੀਂ ਮੰਨਦਾ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਮਸਲਿਆਂ ਨੂੰ ਲੈ ਕੇ ਅਮਰੀਕਾ ਨੂੰ ਰੂਸ ਤੋਂ ਸਹਿਯੋਗ ਮਿਲਿਆ ਹੈ। ਹਾਲਾਂਕਿ ਉਨ੍ਹਾਂ ਇਸ ਮੌਕੇ ਇਹ ਗੱਲ ਵੀ ਕਹੀ ਕਿ ਪ੍ਰਮਾਣੂ ਹਥਿਆਰਾਂ ਵਾਲਾ ਇਰਾਨ ਮੱਧ ਪੂਰਬ 'ਚ ਪ੍ਰਮਾਣੂ ਹਥਿਆਰਾਂ ਦੀ ਹੋੜ ਨੂੰ ਪ੍ਰਫੁੱਲਤ ਕਰੇਗਾ ਜੋ ਭਵਿੱਖ ਦਾ ਵਿਨਾਸ਼ ਕਰ ਸਕਦਾ ਹੈ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ ਨੇ ਕਿਹਾ ਕਿ ਸੀ ਅਮਰੀਕਾ ਨਾਲ ਸਹਿਯੋਗ ਕਰਨ ਦੇ ਨਵੇਂ ਰਸਤੇ ਨਿਕਲਣ ਆਉਣਗੇ।