ਹਵਾਈ ਹਮਲਿਆਂ 'ਚ 18 ਅੱਤਵਾਦੀ ਮਾਰੇ ਗਏ

ਇਸਲਾਮਾਬਾਦ,3 ਜੁਲਾਈ   :ਪਾਕਿਸਤਾਨ ਦੇ ਗੜਬੜੀ ਵਾਲੇ ਕਬਾਇਲੀ ਖੇਤਰ ਵਜ਼ੀਰਿਸਤਾਨ 'ਚ ਅੱਜ ਪਾਕਿਸਤਾਨੀ ਹਵਾਈ ਜਹਾਜ਼ਾਂ ਵਲੋਂ ਕੀਤੀ ਬੰਬਾਰੀ ਤੇ ਡਰੋਨ ਹਮਲਿਆਂ 'ਚ 18 ਅੱਤਵਾਦੀ ਮਾਰੇ ਗਏ। ਇਸ ਖੇਤਰ 'ਚ ਥਲ ਸੈਨਾ ਵਲੋਂ ਤਾਲਿਬਾਨ ਦੇ ਲੋੜੀਂਦੇ ਮੁਖੀ ਬੈਤੁੱਲਾ ਮੈਸੂਦ ਖਿਲਾਫ਼ ਵੱਡੀ ਮੁਹਿੰਮ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਖਣੀ ਵਜ਼ੀਰਿਸਤਾਨ ਦੇ ਸਰੋਕਈ ਖੇਤਰ 'ਚ ਅੱਤਵਾਦੀਆਂ ਦੇ ਇਕ ਕੈਂਪ 'ਤੇ ਅਮਰੀਕੀ ਡਰੋਨ ਜਹਾਜ਼ ਨੇ ਤਿੰਨ ਮਿਜ਼ਾਇਲਾਂ ਦਾਗੀਆਂ, ਜਿਸ ਦੌਰਾਨ 13 ਅੱਤਵਾਦੀ ਮਾਰੇ ਗਏ ਅਤੇ ਹੋਰ ਬਹੁਤ ਸਾਰੇ ਜ਼ਖ਼ਮੀ ਹੋ ਗਏ। ਟੀਵੀ ਚੈਨਲਾਂ ਦੀ ਖ਼ਬਰ ਅਨੁਸਾਰ ਦੂਜੀ ਮਿਜ਼ਾਇਲ ਮੰਟੋਈ ਖੇਤਰ ਦੇ ਇਕ ਮਦਰੱਸੇ 'ਤੇ ਸੁੱਟੀ ਗਈ ਪਰ ਮਦਰੱਸਾ ਬੰਦ ਹੋਣ ਕਰਕੇ ਇਸ ਹਮਲੇ ਦੌਰਾਨ ਕਿਸੇ ਮੌਤ ਦੀ ਖ਼ਬਰ ਨਹੀਂ ਮਿਲੀ। 5 ਅੱਤਵਾਦੀ ਉਸ ਵੇਲੇ ਮਾਰੇ ਗਏ ਜਦੋਂ ਪਾਕਿਸਤਾਨੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਉੱਤਰੀ ਵਜ਼ੀਰਿਸਤਾਨ ਦਤਖੇਲ ਖੇਤਰ 'ਚ ਅੱਤਵਾਦੀ ਟਿਕਾਣੇ 'ਤੇ ਹਮਲਾ ਕੀਤਾ। ਪਾਕਿਸਤਾਨ ਸੈਨਾ ਵਲੋਂ ਤਾਲਿਬਾਨ ਪ੍ਰਮੁੱਖ ਬੈਤੁੱਲਾ ਮੈਸੂਦ ਵਿਰੁੱਧ ਵੱਡੀ ਕਾਰਵਾਈ ਤੋਂ

ਪਹਿਲਾਂ ਤਾਲਿਬਾਨ ਕਮਾਂਡਰਾਂ ਨੂੰ ਰਿਝਾਉਣ ਲਈ ਛੋਟੇ-ਛੋਟੇ ਹਮਲੇ ਕੀਤੇ ਜਾ ਰਹੇ ਹਨ। ਅਮਰੀਕਾ ਬੀਤੇ ਅਗਸਤ ਮਹੀਨੇ ਤੋਂ ਹੁਣ ਤੱਕ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਕਬਾਇਲੀ ਖੇਤਰਾਂ 'ਚ ਅੱਤਵਾਦੀ ਟਿਕਾਣਿਆਂ 'ਤੇ ਅਜਿਹੇ 40 ਤੋਂ ਵਧੇਰੇ ਹਮਲੇ ਕਰ ਚੁੱਕਾ ਹੈ।