ਪੰਜਾਬੀ ਨੌਜਵਾਨ ਵੱਲੋਂ ਪੋਮੇਸ਼ੀਆ ਵਿਖੇ ਫਾਹਾ ਲੈ ਕੇ ਆਤਮ ਹੱਤਿਆ

 ਪੋਪੇਸ਼ੀਆ,7 ਜੁਲਾਈ

ਬੀਤੇ ਦਿਨ ਇਟਲੀ ਦੇ ਸ਼ਹਿਰ ਪੋਮੇਸ਼ੀਆ ਵਿਖੇ ਇਕ ਪੰਜਾਬੀ ਨੌਜਵਾਨ ਦਿਲਬਾਗ ਸਿੰਘ (33) ਵਾਸੀ ਮੋਹਲੀ (ਫਗਵਾੜਾ) ਵੱਲੋਂ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦਿਲਬਾਗ ਸਿੰਘ ਦੇ ਰਿਸ਼ਤੇਦਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 6-7 ਮਹੀਨੇ ਪਹਿਲਾਂ ਦਿਲਬਾਗ ਸਿੰਘ ਦੇਕਰੀਤੋ ਫਲੂਸੀ ਪੇਪਰਾਂ ਉਪਰ ਇਟਲੀ ਆਇਆ ਸੀ। ਪਹਿਲਾਂ-ਪਹਿਲ ਉਹ ਬਿਲਕੁਲ ਤੰਦਰੁਸਤ ਸੀ ਪਰ ਪਿਛਲੇ ਇਕ ਮਹੀਨੇ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਸਾਰੀ-ਸਾਰੀ ਰਾਤ ਸੌਂਦਾ ਨਹੀਂ ਸੀ, ਜਿਸ ਕਾਰਨ ਉਸ ਨੂੰ ਪੋਮੇਸ਼ੀਆ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਕੁਝ ਸਮੇਂ ਦੇ ਇਲਾਜ ਤੋਂ ਬਾਅਦ ਉਸ ਨੂੰ ਬਿਲਕੁਲ ਤੰਦਰੁਸਤ ਦੱਸਿਆ।ਇਸ ਸਾਰੀ ਕਾਰਵਾਈ ਉਪਰੰਤ ਮ੍ਰਿਤਕ ਭਾਰਤ ਜਾਣ ਲਈ ਤਿਆਰ ਹੋ ਗਿਆ ਅਤੇ ਉਸ ਨੇ ਰੋਮ ਤੋਂ ਦਿੱਲੀ ਲਈ ਜਹਾਜ਼ ਦੀ ਟਿਕਟ ਵੀ ਬੁੱਕ ਕਰਵਾ ਲਈ ਸੀ ਪਰ ਭਾਰਤ ਜਾਣ ਤੋਂ ਇਕ ਦਿਨ ਪਹਿਲਾਂ ਹੀ ਉਸ ਨੇ ਫਾਹਾ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦਿਲਬਾਗ ਸਿੰਘ ਦੀ ਲਾਸ਼ ਇਸ ਸਮੇਂ ਪੋਮੇਸ਼ੀਆ ਦੇ ਸਰਕਾਰੀ ਹਸਪਤਾਲ ‘ਚ ਜਮ੍ਹਾਂ ਹੈ, ਜਿਸ ਨੂੰ ਭਾਰਤ ਭੇਜਣ ਲਈ ਇਲਾਕੇ ਦੇ ਸਮੂਹ ਪੰਜਾਬੀ ਭਾਈਚਾਰੇ ਤੇ ਗੁਰੂਘਰਾਂ ਵੱਲੋਂ ਮਾਇਆ ਇਕੱਠੀ ਕੀਤੀ ਜਾ ਰਹੀ ਹੈ। ਮ੍ਰਿਤਕ ਦਿਲਬਾਗ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਤੇ ਇਕ ਨੰਨ੍ਹੀ ਬੱਚੀ ਛੱਡ ਗਿਆ ਹੈ।