ਓਬਾਮਾ ਦੀ ਇਤਿਹਾਸਕ ਰੂਸ ਫੇਰੀ
ਵਾਸ਼ਿੰਗਟਨ, 7 ਜੁਲਾਈ  : ਅਮਰੀਕਾ-ਰੂਸ ਸਬੰਧਾਂ ਦੀ ਨਵੇਂ ਸਿਰਿਓਂ ਸ਼ੁਰੂਆਤ ਦੀ ਆਸ ਨਾਲ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਰੂਸ ਦੀ ਆਪਣੀ ਇਤਿਹਾਸਕ ਫੇਰੀ ਸ਼ੁਰੂ  ਕਰ ਰਹੇ ਹਨ, ਜਿਸ ਦੌਰਾਨ ਉਹ ਪ੍ਰਮਾਣੂ ਹਥਿਆਰਾਂ ਵਿਚ ਕਟੌਤੀ ਲਈ ਠੰਢੀ ਜੰਗ ਵੇਲੇ ਦੀ ਸੰਧੀ ਦੀ ਥਾਂ ਇੱਕ ਨਵੀਂ ਸੰਧੀ ਨੂੰ ਅੰਤਮ ਛੋਹਾਂ ਦੇਣਗੇ।  ਮਾਸਕੋ ਵਿਚ ਆਪਣੇ ਤਿੰਨ ਦਿਨਾਂ ਦੇ ਕਿਆਮ ਦੌਰਾਨ ਉਹ ਆਪਣੇ ਰੂਸੀ ਹਮਰੁਤਬਾ ਦਮਿੱਤਰੀ ਮੈਦਵੇਦੇਵ ਨਾਲ ਅਮਰੀਕੀ-ਰੂਸ ਸਿਖਰ ਵਾਰਤਾ ਤੋਂ ਇਲਾਵਾ ਪ੍ਰਧਾਨ ਮੰਤਰੀ ਵਲਾਦੀਮੀਰ ਪੂਤਿਨ ਅਤੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਨੂੰ ਵੀ ਮਿਲਣਗੇ।  ਇਸ ਤੋਂ ਪਹਿਲਾਂ ਇੱਕ ਰੂਸੀ ਅਖਬਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਓਬਾਮਾ ਨੇ ਕਿਹਾ ਕਿ ਉਹ ਦਹਿਸ਼ਤਵਾਦ ਅਤੇ ਇਰਾਨ ਜਿਹੇ ਮੁੱਦਿਆਂ ਨਾਲ ਸਿੱਝਣ ਤੋਂ ਇਲਾਵਾ ਮਾਸਕੋ ਨਾਲ ਆਰਥਿਕ ਅਤੇ ਰੱਖਿਆ ਮੁੱਦਿਆਂ ਉੱਤੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨਾ ਚਾਹੁਣਗੇ। ਉਨ੍ਹਾਂ ਕਿਹਾ, ''ਮੈਂ ਜੋ ਆਖਿਆ ਉਹ ਇਹ ਹੈ ਕਿ ਮੈਂ ਅਮਰੀਕਾ ਅਤੇ ਰੂਸ ਵਿਚਾਲੇ ਸਬੰਧਾ ਦਾ ਬਟਨ ਰੀਸੈਟ (ਨਵੀਂ ਸ਼ੁਰੂਆਤ) ਕਰਨਾ ਚਾਹੁੰਦਾ ਹਾਂ।'' ਓਬਾਮਾ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਕਦਮ ਠੰਢੀ ਜੰਗ ਵੇਲੇ ਦੀ ਮਿਜ਼ਾਈਲ ਸੰਧੀ 'ਸਟਾਰਟ' ਦੀ ਥਾ ਨਵਾਂ ਚੌਖਟਾ ਪ੍ਰਦਾਨ ਕਰਨ ਦਾ ਹੋਵੇਗਾ।  ਉਨ੍ਹਾਂ ਕਿਹਾ, ''ਮੇਰਾ ਟੀਚਾ ਹੈ ਕਿ ਦੋਵੇਂ ਦੇਸ਼ ਆਪੋ-ਆਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖੀਰਿਆਂ ਵਿਚ ਹਿਸ ਤਰ੍ਹਾਂ ਕਟੌਤੀ ਕਰਨ ਕਿ ਦੋਵਾਂ ਵਿਚੋਂ ਕੋਈ ਵੀ ਦੇਸ਼ ਲਾਭ ਵਾਲੀ ਸਥਿਤੀ ਵਿਚ ਨਾ ਰਹੇ ਤਣਾਅ ਘਟੇ ਅਤੇ ਇਸ ਤਰ੍ਹਾਂ ਦੇ ਵੱਡੇ ਪ੍ਰਮਾਣੂ ਜ਼ਖੀਰਿਆਂ ਨੂੰ ਸੰਭਾਲਣ ਦਾ ਖਰਚਾ ਵੀ ਘਟੇ। ਸ੍ਰੀ ਚਬਾਮਾ ਅਮਰੀਕਾ-ਰੂਸ ਵਿਚ ਤਕਰੀਰ ਵੀ ਕਰਨਗੇ।  ਇਸ ਹਫਤੇ ਉਹ ਘਾਟਾ ਦਾ ਦੌਰਾ ਕਰਨ ਤੋਂ ਇਲਾਵਾ ਜੀ-8 ਸਿਖਰ ਸੰਮੇਲਨ ਲਈ ਇਟਲੀ ਵੀ ਜਾਣਗੇ। ਉਨ੍ਹਾਂ ਦੀ ਪਤਨੀ ਮਿਸ਼ੈਲ ਓਬਾਮਾ ਅਤੇ ਦੋਵੇਂ ਧੀਆਂ ਸਾਸ਼ਾ ਤੇ ਮਾਲੀਆ ਵੀ ਉਨ੍ਹਾਂ ਦੇ ਨਾਲ ਜਾ ਰਹੀਆਂ ਹਨ। ਕ੍ਰੈਸਲਿਨ ਦੇ ਹਿੱਕ ਅਧਿਕਾਰੀ ਨੇ ਪਿਛਲੇ ਹਫਤੇ ਦੱਸਿਆ ਸੀ ਕਿ ਰੂਸੀ ਅਤੇ ਅਮਰੀਕੀ ਰਾਸ਼ਟਰਪਤੀ ਦਸੰਬਰ ਵਿਚ ਖਤਮ ਹੋਣ ਜਾ ਰਹੀ ਸੰਧੀ 'ਸਟਾਰਟ' ਤੋਂ ਬਾਅਦ ਅਮਲ ਵਿਚ ਆਉਣ ਵਾਲੀ ਨਵੀਂ ਸੰਧੀ 'ਤੇ ਸਹੀ ਪਾਉਣ ਜਾ ਰਹੇ ਹਨ। ਇਸ ਤੋਂ ਇਲਾਵਾ ਅਫਗਾਨਿਸਤਾਨ ਵਿਚ ਅਮਰੀਕੀ ਫੌਜ ਲਈ ਸਾਜ਼ੋ-ਸਾਮਾਨ ਭੇਜਣ ਲਈ ਇੱਕ ਰਸਤਾ ਵੀ ਦਿੱਤਾ ਜਾ ਸਕਦਾ ਹੈ।
 ਸ੍ਰੀ ਓਬਾਮਾ ਨੇ ਇਹ ਵੀ ਕਿਹਾ ਸੀ 'ਜੇ ਅਸੀਂ ਇਸ ਸਿਖਰ ਵਾਰਤਾ ਦੌਰਾਨ ਚੌਖਟਾ ਬਣਾਉਣ 'ਚ ਕਾਮਯਾਬ ਹੋ ਗਏ ਤਾਂ ਅਸੀਂ ਦਸੰਬਰ ਵਿਚ ਖਤਮ ਹੋਣ ਜਾ ਰਹੀ 'ਸਟਾਰਟ' ਦੀ ਥਾਂ ਨਵੀਂ ਸੰਧੀ ਵੱਲ ਪੇਸ਼ਕਦਮੀ ਕਰਨ ਦੇ ਸਮਰਥ ਹੋ ਜਾਵਾਂਗੇ।'' ਉਨ੍ਹਾਂ ਕਿਹਾ ਕਿ ਉਹ ਰੂਸੀ ਲੀਡਰਸ਼ਿਪ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਅਮਰੀਕਾ-ਰੂਸ ਦੀ ਇੱਜ਼ਤ ਕਰਦਾ ਹੈ ਅਤੇ ਅਸੀਂ ਬਰਾਬਰੀ ਦੇ ਰਿਸ਼ਤੇ ਚਾਹੁੰਦੇ  ਹਾਂ। ਓਬਾਮਾ ਨੇ ਕਿਹਾ, ''ਅਸੀਂ ਦੋਵੇਂ ਪ੍ਰਮਾਣੂ ਮਹਾਸ਼ਕਤੀਆਂ ਹਾਂ, ਇਸ ਦੇ ਨਾਲ ਹੀ ਖਾਸ ਜ਼ਿੰਮੇਵਾਰੀਆਂ ਆਇਦ ਹੁੰਦੀਆ ਹਨ, ਜੋ ਬਹੁਤ ਸਾਰੇ ਦੂਜੇ ਦੇਸ਼ਾਂ ਦੀਆਂ ਪੁਜ਼ੀਸ਼ਨਾਂ ਨਾਲੋਂ ਵੱਖ ਹਨ ਅਤੇ ਸਾਨੂੰ ਇਨ੍ਹਾਂ ਜ਼ਿਮੇਵਾਰੀਆਂ ਦੀ ਇਸ ਤਰ੍ਹਾ ਪਾਲਣਾ ਕਰਨੀ ਹੋਵੇਗੀ ਕਿ ਇਸ ਨਾਲਅਮਨ ਨੂੰ ਬੜਾਵਾ ਮਿਲੇ।''