ਬਰਗਰ ਕਿੰਗ ਨੇ ਹਿੰਦੂਆਂ ਕੋਲੋਂ ਮੁਆਫੀ ਮੰਗ ਕੇ ਖਹਿੜਾ ਛੁਡਾਇਆ

ਵਾਸ਼ਿੰਗਟਨ, 9 ਜੁਲਾਈ  : ਅਮਰੀਕੀ ਦੀ ਫਾਸਟ ਫੂਡ ਚੇਨ ਕੰਪਨੀ ਬਰਗਰ ਕਿੰਗ ਨੇ ਸਪੇਨ 'ਚ ਪ੍ਰਦਰਸ਼ਿਤ ਧਾਰਮਿਕ ਆਸਥਾ 'ਤੇ ਸੱਟ ਮਾਰਨ ਵਾਲੇ ਵਿਗਿਆਪਨ ਲਈ ਹਿੰਦੂਆਂ  ਕੋਲੋਂ ਮੁਆਫੀ ਮੰਗੀ ਹੈ। ਬਰਗਰ ਕਿੰਗ ਨੇ ਇਸ ਵਿਗਿਆਪਨ 'ਚ ਲਕਸ਼ਮੀ ਮਾਤਾ ਨੂੰ ਮਾਸ ਨਾਲ ਬਣੇ ਸੈਂਡਵਿਚ ਅਤੇ ਹੋਰਨਾਂ ਖਾਣ ਵਾਲੇ ਪਦਾਰਥਾਂ 'ਤੇ ਬੈਠੇ ਦਿਖਾਇਆ ਸੀ ਜਿਸ ਹੇਠਾਂ ਲਿਖਿਆ ਸੀ ਕਿ ' ਏ ਸਨੈਕ ਦੈਟ ਇਜ਼ ਸੇਕਰਡ' ਭਾਵ ਇਹ ਪਵਿੱਤਰ ਨਾਸ਼ਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਅਮਰੀਕਾ ਦੀ ਇਕ ਸ਼ਰਾਬ ਕੰਪਨੀ ਨੇ  ਬੀਅਰ ਦੀ ਬੋਤਲ 'ਤੇ ਗਣੇਸ਼ ਦੀ ਤਸਵੀਰ ਛਾਪੀ ਸੀ। ਦੁਨੀਆ ਭਰ 'ਚ ਹਿੰਦੂਆਂ ਦੇ ਵਿਰੋਧ ਦੇ ਚਲਦਿਆਂ ਸ਼ਰਾਬ ਕੰਪਨੀ ਨੇ ਮੁਆਫੀ ਮੰਗਦਿਆਂ ਬੀਅਰ ਦੀ ਬੋਤਲ ਤੋਂ ਗਣੇਸ਼ ਦੀ ਤਸਵੀਰ ਹਟਾ ਦਿੱਤੀ ਸੀ। ਹੁਣ ਬਰਗਰ ਕੰਪਨੀ ਵੱਲੋਂ ਵਿਗਿਆਪਨ 'ਚ ਲਕਸ਼ਮੀ ਦੀ ਤਸਵੀਰ ਛਾਪਣ ਦਾ ਵੀ ਦੁਨੀਆਂ ਭਰ ਦੇ ਹਿੰਦੂਆਂ ਨੇ ਸਖਤ ਵਿਰੋਧ ਕੀਤਾ ਹੈ। ਦੁਨੀਆਂ ਭਰ ਦੇ 70 ਤੋਂ ਜ਼ਿਆਦਾ ਦੇਸ਼ਾਂ ਵਿਚ ਫਾਸਟ ਫੂਡ ਦੇ ਰੇਸਤਰਾਂ ਚਲਾਉਣ ਵਾਲੇ ਬਰਗਰ ਕਿੰਗ ਦੇ ਬੁਲਾਰੇ ਡੈਨਿਸ ਟੀ ਵਿਲਸਨ ਨੇ ਕਿਹਾ ਕਿ 'ਅਸੀਂ ਮੁਆਫੀ ਮੰਗ ਰਹੇ ਹਾਂ ਕਿਉਂਕਿ ਸਾਡਾ ਇਰਾਦਾ ਕਿਸੇ ਨੂੰ ਸੱਟ ਪਹੁੰਚਾਉਣ ਦਾ ਨਹੀਂ ਸੀ। ਵਿਲਸਨ ਨੇ ਕਿਹਾ ਕਿ ਬਰਗਰ ਕਿੰਗ ਨੂੰ ਆਪਣੇ ਸਾਰੇ ਗ੍ਰਾਹਕਾਂ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦੀ ਇਜ਼ਤ ਕਰਨੀ

 ਚਾਹੀਦੀ ਹੈ। ਇਹ ਵਿਗਿਆਪਨ ਸਿਰਫ ਸਥਾਨਕ ਪ੍ਰਮੋਸਨ ਲਈ ਸਪੇਨ ਦੇ ਤਿੰਨ ਹੋਟਲਾਂ 'ਚ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਇਸ ਦਾ ਇਰਾਦਾ ਕਿਸੇ ਨੂੰ ਨਿੱਜੀ ਸੱਟ ਪਹੁੰਚਾਉਣਾ ਨਹੀਂ ਸੀ। ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਇਸ ਮਾਮਲੇ ਵਿਚ ਸਖਤ ਰੁਖ ਅਪਣਾਏ ਜਾਣ ਤੋਂ ਬਾਅਦ ਵਿਲਸਨ ਨੇ ਕਿਹਾ ਕਿ ਹਿੰਦੂ ਭਾਈਚਾਰੇ ਦਾ ਸਨਮਾਨ ਕਰਦੇ ਹੋਏ ਵਿਗਿਆਪਨ ਨੂੰ ਹਟਾ ਲਿਆ ਗਿਆ ਹੈ। ਐਚ ਏ ਐਫ ਨੇ ਬਰਗਰ ਕਿੰਗ ਕੋਲੋਂ ਇਸ ਵਿਗਿਆਪਨ ਨੂੰ ਹਟਾਉਣ ਦੀ ਮੰਗ ਕੀਤੀ ਸੀ। ਫਾਊਂਡੇਸ਼ਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਸੀ ਕਿ ਬਰਗਰ ਕਿੰਗ ਸਪੇਨ 'ਚ ਇਕ ਵਿਗਿਆਪਨ ਚਲਾ ਰਹੀ ਹੈ ਜਿਸ 'ਤੇ ਹਿੰਦੂਆਂ ਦੀ ਦੇਵੀ ਲਕਸ਼ਮੀ ਨੂੰ ਮਾਸ ਨਾਲ ਬਣੇ ਸੈਂਡਵਿਚ ਅਤੇ ਹੋਰਨਾਂ ਖਾਣ ਵਾਲੀਆਂ ਚੀਜ਼ਾਂ ਉਤੇ ਬੈਠਾ ਦਿਖਾਇਆ ਗਿਆ ਹੈ। ਫਾਊਂਡੇਸ਼ਨ ਦੇ ਮੈਨੇਜਮੈਂਟ ਡਾਇਰੈਕਟਰ ਅਤੇ ਕਾਨੂੰਨੀ ਸਲਾਹਕਾਰ ਸੁਹਾਗ ਸ਼ੁਕਲਾ ਨੇ ਕਿਹਾ ਕਿ ਇਸ ਵਿਗਿਆਪਨ 'ਤੇ ਜਾਣ ਬੁੱਝ ਕੇ ਬਿਜਨਸ ਉਦੇਸ਼ ਨਾਲ ਧਾਰਮਿਕ ਅਤੇ ਪਵਿੱਤਰ ਚਿੰਨਾਂ ਦੀ ਵਰਤੋਂ ਕੀਤੀ ਗਈ ਹੈ। ਸ਼ੁਕਲਾ ਨੇ ਕਿਹਾ ਕਿ ਹਾਲਾਂਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਵਿਗਿਆਪਨ ਹਟਾ ਲੈਣ ਦੇ ਬਾਰੇ 'ਚ ਬਰਗਰ ਕਿੰਗ ਤੋਂ ਕੋਈ ਸੂਚਨਾ ਨਹੀਂ ਮਿਲੀ ਹੈ, ਪਰ ਫਿਰ ਵੀ ਇਹ ਸੁਆਗਤਯੋਗ ਹੈ।