ਤੈਰਾਕ ਫੈਲਪਸ ਵੱਲੋਂ ਵਿਸ਼ਵ ਰਿਕਾਰਡ ਕਾਇਮ

ਇੰਡੀਆਨਾਪੋਲਿਸ, 11 ਜੁਲਾਈ  : ਚੈਂਪੀਅਨ ਤੈਰਾਕ ਮਾਈਕਲ ਫੈਲਪਸ ਨੇ ਆਪਣੀਆਂ ਪ੍ਰਾਪਤੀਆਂ ਦੀ ਸੂਚੀ ਹੋਰ ਲੰਮੀ ਕਰ ਲਈ ਹੈ। ਇੱਥੇ ਕਰਵਾਈ ਜਾ ਰਹੀ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਫੈਲਪਸ ਨੇ ਪੁਰਸ਼ਾਂ ਦੇ 100 ਮੀਟਰ ਬਟਰਫਲਾਈ ਸਟਰੋਕ ਮੁਕਾਬਲੇ ਵਿਚ ਭਾਗ ਲਿਆ ਅਤੇ 50.22 ਸੈਕਿੰਡ ਦਾ ਸਮਾਂ ਲੈਂਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਫੈਲਪਸ ਨੇ ਇਸ ਵਰਗ 'ਚ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। ਫੈਲਪਸ ਤੋਂ ਪਹਿਲਾਂ ਇਸ ਵਰਗ ਦਾ ਵਿਸ਼ਵ ਰਿਕਾਰਡ ਅਮਰੀਕਾ ਦੇ ਹੀ ਈਅਨ ਕਰੌਕਰ ਦੇ ਨਾਂ ਸੀ, ਜਿਨ੍ਹਾਂ ਨੇ 6 ਵਰ੍ਹੇ ਪਹਿਲਾਂ ਇਹ ਰਿਕਾਰਡ ਬਣਾਇਆ ਸੀ।
 ਫੈਲਪਸ ਤੋਂ ਬਾਅਦ ਦੂਸਰਾ ਸਥਾਨ ਟਾਈਲਰ ਮੈਕਗਿਲ ਨੇ ਹਾਸਿਲ ਕੀਤਾ। ਉਨ੍ਹਾਂ 51.06 ਸੈਕਿੰਡ ਦਾ ਸਮਾਂ ਕੱਢਿਆ। ਹੁਣ ਫੈਲਪਸ ਦੇ ਨਾਂ 5 ਨਿੱਜੀ ਵਿਸ਼ਵ ਰਿਕਾਰਡ ਦਰਜ ਹੋ ਗਏ ਹਨ। 100 ਮੀਟਰ ਬਟਰਫਲਾਈ ਸਟਰੋਕ ਤੋਂ ਇਲਾਵਾ ਇਨ੍ਹਾਂ ਵਿਚ 200 ਤੇ 400 ਮੀਟਰ ਨਿੱਜੀ ਮੈਡਲੇ, 200 ਮੀਟਰ ਬਟਰਫਲਾਈ ਸਟਰੋਕ ਤੇ 200 ਮੀਟਰ ਫਰੀਸਟਾਈਲ ਸ਼ਾਮਿਲ ਹਨ। ਇਸ ਤੋਂ ਪਹਿਲਾਂ ਸਾਲ 2008 ਦੀਆਂ ਬੀਜਿੰਗ ਵਿਖੇ

ਹੋਈਆਂ ਓਲੰਪਿਕ ਖੇਡਾਂ ਵਿਚ ਫੈਲਪਸ ਨੇ 8 ਸੋਨ ਤਮਗੇ ਜਿੱਤਕੇ ਨਵਾਂ ਰਿਕਾਰਡ ਬਣਾਇਆ ਸੀ। ਸਾਲ 2004 ਦੌਰਾਨ ਏਥਨਜ਼ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਫੈਲਪਸ ਨੇ 6 ਸੋਨ ਤਮਗੇ ਅਤੇ 2 ਕਾਂਸੀ ਦੇ ਤਮਗੇ ਆਪਣੇ ਨਾਂ ਕੀਤੇ ਸਨ। ਇਨ੍ਹਾਂ ਤੋਂ ਛੁੱਟ ਫੈਲਪਸ ਦੀ ਝੋਲੀ ਵਿਚ 17 ਵਿਸ਼ਵ ਚੈਂਪੀਅਨਸ਼ਿਪਾਂ ਦੌਰਾਨ ਜਿੱਤੇ ਗਏ ਸੋਨ ਤਮਗੇ ਵੀ ਸ਼ਾਮਿਲ ਹਨ। ਰੋਮ ਵਿਖੇ ਇਸੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਹੋ ਰਹੀ ਹੈ। ਫੈਲਪਸ ਦੇ ਮੌਜੂਦਾ ਪ੍ਰਦਰਸ਼ਨ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਦੇ ਤਮਗਿਆਂ ਦੀ ਗਿਣਤੀ ਵਧਦੀ ਲੱਗਦੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਫੈਲਪਸ ਬੀਜਿੰਗ ਖੇਡਾਂ ਤੋਂ ਪਿੱਛੋਂ ਉਦੋਂ ਵਿਵਾਦਾਂ ਵਿਚ ਘਿਰ ਗਏ ਸਨ ਜਦੋਂ ਉਨ੍ਹਾਂ 'ਤੇ ਅਮਰੀਕੀ ਤੈਰਾਕੀ ਅਧਿਕਾਰੀਆਂ ਵੱਲੋਂ ਨਸ਼ੀਲੀ ਦਵਾਈ ਦੇ ਸੇਵਨ ਕਾਰਨ 3 ਮਹੀਨਿਆਂ ਦੀ ਪਾਬੰਦੀ ਲਗਾ ਦਿੱਤੀ ਗਈ ਸੀ।