ਪਾਕਿ ਨੇ ਭਾਰਤ ਨੂੰ ਸੌਂਪੇ ਤਾਜ਼ਾ ਦਸਤਾਵੇਜ਼
ਪੈਰਿਸ, 15 ਜੁਲਾਈ -ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉਹਨਾਂ ਦੇ ਪਾਕਿਸਤਾਨੀ ਹਮ-ਅਹੁਦਾ ਯੂਸੁਫ ਰਜ਼ਾ ਗਿਲਾਨੀ ਵਿਚਾਲੇ ਵੀਰਵਾਰ ਨੂੰ ਮਿਸਰ ਵਿੱਚ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਪਾਕਿਸਤਾਨ ਨੇ ਮੁੰਬਈ ਅੱਤਵਾਦੀ ਹਮਲਿਆਂ ਦੀ ਜਾਂਚ ਦੇ ਸਿਲਸਿਲੇ ਵਿੱਚ ਭਾਰਤ ਨੂੰ ਨਵੇਂ ਦਸਤਾਵੇਜ਼ ਸੌਂਪੇ ਹਨ। ਜਾਣਕਾਰ ਸੂਤਰਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਇਸਲਾਮਾਬਾਦ ਵਿੱਚ ਭਾਰਤੀ ਉਚ ਕਮਿਸ਼ਨਰ ਦੇ ਅਧਿਕਾਰੀਆਂ ਨੂੰ ਸੌਂਪੇ ਗਏ ਦਸਤਾਵੇਜ਼ ਵਿੱਚ 12 ਨਵੇਂ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ ਅਤੇ 26 ਨਵੰਬਰ ਦੇ ਅਤਿਵਾਦੀ ਹਮਲਿਆਂ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਜਾਂਚ ਵਿੱਚ ਤਾਜ਼ਾ ਜਾਣਕਾਰੀ ਦਿੱਤੀ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਈ.ਐਸ.ਆਈ. ਪ੍ਰਮੁੱਖ ਨੇ ਇਸਲਾਮਾਬਾਦ ਵਿੱਚ ਭਾਰਤੀ ਕਮਿਸ਼ਨਰ ਦੇ ਕੁਝ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਵਾਰਤਾ ਪ੍ਰਕਿਰਿਆ ਵਿੱਚ ਆਈ.ਐਸ.ਆਈ. ਦੇ ਪ੍ਰਭਾਵ ਨੂੰ ਲੈ ਕੇ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ। ਭਾਰਤੀ ਪੱਖ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦਾ ਕਿ ਵਾਰਤਾ ਵਿੱਚ ਆਈ.ਐਸ.ਆਈ. ਹਿੱਸਾ ਲਵੇਗੀ ਜਾਂ ਨਹੀਂ।  ਫਰਾਂਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਅਤੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨਾਲ ਗੱਲਬਾਤ ਲਈ ਦੋ ਦਿਵਸੀ ਯਾਤਰਾ 'ਤੇ ਇੱਥੇ ਪਹੁੰਚੇ ਡਾ. ਮਨਮੋਹਨ ਸਿੰਘ ਅੱਜ ਹੀ ਮਿਸਰ ਲਈ ਰਵਾਨਾ ਹੋਣਗੇ। ਉਥੇ ਗੁੱਟ ਨਿਰਪੱਖ ਅੰਦੋਲਨ ਦੀ ਸ਼ਿਖਰ ਵਾਰਤਾ ਵਿੱਚ ਹਿੱਸਾ ਲੈਣਗੇ ਅਤੇ ਇਸ ਤੋਂ ਇਲਾਵਾ ਉਹ ਗਿਲਾਨੀ ਨਾਲ ਵੀ ਮੁਲਾਕਾਤ ਕਰਨਗੇ।