ਭਾਰਤ ਫੇਰੀ ਦੌਰਾਨ ਪਾਕਿ ਦਾ ਦੌਰਾ ਨਹੀਂ ਕਰੇਗੀ ਹਿਲੇਰੀ
ਵਾਸ਼ਿੰਗਟਨ, 15 ਜੁਲਾਈ  : ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਆਪਣੀ ਭਾਰਤ ਯਾਤਰਾ ਦੌਰਾਨ ਪਾਕਿਸਤਾਨ ਅਤੇ ਅਫਗਾਨਿਸਤਾਨ ਦਾ ਦੌਰਾ ਨਹੀਂ ਕਰੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਏਆਨ ਕੇਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਹਿਲੇਰੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਯਾਤਰਾ ਕਰੇਗੀ ਪਰ ਇਸ ਯਾਤਰਾ ਦੌਰਾਨ ਨਹੀਂ ਕਿਉਂਕਿ ਅਜੇ ਉਹ ਸਿਰਫ ਭਾਰਤ ਅਤੇ ਥਾਈਲੈਂਡ ਹੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰਾਲੇ 'ਚ ਪਾਕਿਸਤਾਨ ਹਮਾਇਤੀ ਚਾਹੁੰਦੇ ਸਨ ਕਿ ਹਿਲੇਰੀ ਆਪਣੀ ਭਾਰਤ ਯਾਤਰਾ ਦੌਰਾਨ ਪਾਕਿਸਤਾਨ ਵੀ ਜਾਵੇ। ਪਰ ਹੁਣ ਸਮਝਿਆ ਜਾ ਰਿਹਾ ਹੈ ਕਿ ਉਚ ਪੱਧਰੀ ਕੂਟਨੀਤਿਕ ਮਾਹਰਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਹੈ ਕਿ ਹਿਲੇਰੀ ਨੂੰ ਦੋਨਾਂ ਦੇਸ਼ਾਂ ਦੀ ਯਾਤਰਾ ਇਕੋ ਵੇਲੇ ਨਹੀਂ ਕਰਨੀ ਚਾਹੀਦੀ। ਇਸ ਗੱਲ ਤੋਂ ਸੰਕੇਤ ਮਿਲਦਾ ਹੈ ਕਿ ਓਬਮਾ ਪ੍ਰਸ਼ਾਸਨ ਦੋਨਾਂ ਦੇਸ਼ਾਂ ਨੂੰ ਇਕੱਠਾ ਨਹੀਂ ਜੋੜਨਾ ਚਾਹੁੰਦਾ। ਭਾਰਤ ਦੇ ਨਾਲ ਵਿਸ਼ੇਸ਼ ਲਗਾਵ ਰੱਖਣ ਵਾਲੀ ਹਿਲੇਰੀ ਪਹਿਲਾਂ ਵੀ ਕਈ ਵਾਰ ਭਾਰਤ ਦੀ ਯਾਤਰਾ ਕਰ ਚੁੱਕੀ ਹੈ ਅਤੇ ਹੁਣ ਉਹ ਅਮਰੀਕਾ ਭਾਰਤ ਸਬੰਧਾਂ ਨੂੰ ਇਕ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਇਛੁੱਕ ਹੈ ਜਿਥੋਂ ਦੋਵੇਂ ਦੇਸ਼ ਕੌਮਾਂਤਰੀ ਚੁਣੌਤੀਆਂ ਨਾਲ ਨਿਪਟਣ ਲਈ ਬਰਾਬਰ ਸਾਂਝੀਦਾਰ ਪੇਸ਼ ਹੋਣ।