ਭਾਰਤ-ਪਾਕਿ ਸਕੱਤਰਾਂ ਨੇ ਕੀਤੀ ਅੱਤਵਾਦ 'ਤੇ ਚਰਚਾ
ਸ਼ਰਮਅਲਸ਼ੇਖ (ਮਿਸਰ), 16 ਜੁਲਾਈ -ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰੀਆਂ ਨੂੰ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵਿਰੁੱਧ ਅੱਤਵਾਦ ਫ਼ੈਲਾਉਣ ਤੋਂ ਰੋਕਣ ਲਈ ਪਾਕਿਸਤਾਨ ਦੀ ਪ੍ਰਤੀਬੱਧਤਾ 'ਤੇ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਣ ਜਾ ਰਹੀ ਮੁਲਾਕਾਤ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਨੇ ਅੱਤਵਾਦ ਦੇ ਮੁੱਦੇ 'ਚ ਡੂੰਘੀ ਚਰਚਾ ਕੀਤੀ।
ਭਾਰਤ ਦੇ ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੈਨਨ ਅਤੇ ਉਨ੍ਹਾਂ ਦੇ ਹਮਰੁਤਬਾ ਪਾਕਿਸਤਾਨੀ ਅਧਿਕਾਰੀ ਸਲਮਾਨ ਬਸ਼ੀਰ ਵਿਚਕਾਰ ਬੀਤੀ ਦੇਰ ਰਾਤ 90 ਮਿੰਟ ਦੇ ਕਰੀਬ ਗੱਲਬਾਤ ਹੋਈ, ਜਿਸ 'ਚ ਉਨ੍ਹਾਂ ਅੱਤਵਾਦ ਵਰਗੇ ਗੰਭੀਰ ਮੁੱਦਿਆਂ 'ਚ ਚਰਚਾ ਕੀਤੀ। ਸੂਤਰਾਂ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਸਕੱਤਰ ਬੁੱਧਵਾਰ ਨੂੰ ਫ਼ਿਰ ਮਿਲਣਗੇ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਵਿਚਕਾਰ ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਉਨ੍ਹਾਂ ਵਲੋਂ ਸੰਯੁਕਤ ਬਿਆਨ ਜਾਰੀ ਕੀਤੇ ਜਾਣ ਜਾਂ ਫ਼ਿਰ ਮੀਡੀਆ ਸਾਹਮਣੇ ਆਉਣ ਦੀ ਸੰਭਾਵਨਾ ਹੈ।