ਝੋਨੇ ਦਾ ਸਮਰਥਨ ਮੁੱਲ 1400 ਰੁਪਏ ਤੋਂ ਇਕ ਪੈਸਾ ਵੀ ਘੱਟ ਮਨਜ਼ੂਰ ਨਹੀਂ ਕਰਾਂਗੇ : ਸੁਖਬੀਰ ਬਾਦਲ

ਚੰਡੀਗੜ੍ਹ, 16 ਜੁਲਾਈ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸ੍ਰ ਸੁਖਬੀਰ ਸਿੰਘ ਬਾਦਲ ਨੇ ਬੀਤੇ 10 ਦਿਨਾਂ ਵਿੱਚ ਅੰਤਰਰਾਸ਼ਟਰੀ ਤੇਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 72 ਡਾਲਰ ਤੋਂ ਘੱਟ ਕੇ 58 ਡਾਲਰ ਰਹਿ ਜਾਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਟਰੋਲ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 2 ਰੁਪਏ ਪ੍ਰਤੀ ਲੀਟਰ ਦੇ ਕੀਤੇ ਗਏ ਹਾਲੀਆ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ।
ਫਾਜ਼ਿਲਕਾ-ਮਲੋਟ ਸੜਕ 'ਤੇ ਪੈਂਦੇ ਪਿੰਡ ਟਾਹਲੀਵਾਲਾ ਬੋਦਲ, ਚਾਹਲਾਂਵਾਲੀ, ਚੱਕ ਖਿਓ ਵਾਲ, ਚੱਕ ਬੰਨ ਵਾਲਾ, ਜੋੜਕੀ ਅੰਧੇ ਵਾਲੀ, ਚਿਮਨੇ ਵਾਲੀ, ਚੱਕ ਪੱਖੀ, ਨਿਕੇਰੀਆਂ, ਘਲਿਆਣਾ, ਘੱਟਿਆਂਵਾਲੀ ਬੋਦਲਾਂ ਅਤੇ ਘੱਟਿਆਂਵਾਲੀ ਜੱਟਾਂ ਆਦਿ ਪਿੰਡਾਂ ਵਿੱਚ ਚੋਣ-ਸਭਾਵਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਦੋਸ਼ ਲਗਾਇਆ ਕਿ ਕਾਂਗਰਸ ਦੀ ਅਗਵਾਈ ਹੇਠ ਬਣੀ ਕੇਂਦਰ ਸਰਕਾਰ ਬਹੁ-ਰਾਸ਼ਟਰੀ ਤੇਲ ਕੰਪਨੀਆਂ ਦੇ ਨਾਲ ਰਲਕੇ ਗਰੀਬ ਲੋਕਾਂ, ਕਿਸਾਨਾਂ ਅਤੇ ਟਰਾਂਸਪੋਟਰਾਂ ਨੂੰ ਦੋਨੋਂ ਹੱਥੀ ਲੁੱਟਦਿਆਂ ਇਨ੍ਹਾਂ ਕੰਪਨੀਆਂ ਦੀਆਂ ਤਿਜ਼ੋਰੀਆਂ ਭਰ ਰਹੀ ਹੈ।  à¨‰à¨¨à©à¨¹à¨¾à¨‚ ਨੇ ਕਿਹਾ ਕਿ

ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਜਦੋਂ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ 75 ਫੀਸਦੀ ਤੱਕ ਡਿੱਗ ਗਈਆਂ ਸਨ ਤਾਂ ਕਾਂਗਰਸ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਵਿੱਚ 5 ਰੁਪਏ ਪ੍ਰਤੀ ਲੀਟਰ ਮਾਮੂਲੀ ਕਟੌਤੀ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਸੀ ਅਤੇ ਕੰਪਨੀਆਂ ਨੂੰ 60 ਫੀਸਦੀ ਵਾਧੂ ਮੁਨਾਫਾ ਕਮਾਉਣ ਦਾ ਮੌਕਾ ਦਿੱਤਾ ਸੀ।
ਪੰਜਾਬ ਅਤੇ ਉੱਤਰੀ ਰਾਜਾਂ ਵਿੱਚ ਸੋਕੇ ਤੋਂ ਪੀੜਤ ਕਿਸਾਨਾਂ ਦੀ ਮਦਦ ਦੇ ਕੇਂਦਰ ਸਰਕਾਰ ਦੇ 'ਅਨੋਖੇ ਪੈਕੇਜ਼' 'ਤੇ ਟਿੱਪਣੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਜਾਲਮ ਕੇਂਦਰ ਸਰਕਾਰ ਹੈ ਜਿਸ ਨੇ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਡੀਜ਼ਲ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਤਾਂ ਜੋਂ ਸੋਕਾ ਪੀੜਤ ਕਿਸਾਨ ਡੀਜ਼ਲ ਪੰਪਾਂ ਰਾਹੀਂ ਆਪਣੇ ਖੇਤਾਂ ਵਿੱਚ ਫਸਲ ਨੂੰ ਨਾ ਬਚਾ ਸਕਣ। ਉਨ੍ਹਾਂ ਨੇ ਕਿਹਾ ਕਿ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 1400 ਰੁਪਏ ਦੀ ਥਾਂ 950 ਰੁਪਏ ਮਿੱਥ ਕੇ ਅਤੇ ਡੀਜ਼ਲ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਵਧਾ ਕੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਮੱਕੜਜ਼ਾਲ ਵਿੱਚ ਧੱਕਣ ਲਈ ਪੂਰੀ ਤਿਆਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਝੋਨੇ ਦਾ ਘੱਟੋ ਘੱਟ ਸਮੱਰਥਨ ਮੁੱਲ 1400 ਰੁਪਏ ਪ੍ਰਤੀ ਕੁਇੰਟਲ ਤੋਂ ਇਕ ਪੈਸਾ ਘੱਟ ਵੀ ਮਨਜ਼ੂਰ ਨਹੀਂ ਕਰੇਗਾ।
ਕਾਂਗਰਸ ਦੀ ਭਾਈਵਾਲ ਪਾਰਟੀ ਤ੍ਰਿਣਮੂਲ ਕਾਂਗਰਸ ਵਲੋਂ ਤੇਲ ਕੀਮਤਾਂ ਦੇ ਵਾਧੇ ਦੀ ਨਿਖੇਧੀ ਨੂੰ ਡਰਾਮਾ ਦੱਸਦੇ ਹੋਏ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਇਕੋ-ਇਕ ਏਜੰਡਾ ਲੋਕਾਂ ਦੀ ਲੁੱਟ-ਖਸੁੱਟ ਕਰਨਾ ਹੈ।
 à¨¸. ਬਾਦਲ ਨੇ ਕਿਹਾ ਕਿ ਤੇਲ ਕੰਪਨੀਆਂ ਨੂੰ ਵੱਧ ਕੀਮਤਾਂ ਰਾਹੀਂ ਲੋਕਾਂ ਨੂੰ ਲੁੱਟਣ ਦੀ ਕਦੇ ਵੀ ਆਗਿਆ ਨਹੀਂ ਦਿੱਤੀ ਜਾ ਸਕਦੀ ਅਤੇ ਤੇਲ ਦੀਆਂ ਕੀਮਤਾਂ ਨੂੰ ਨਿਰਧਾਰਤ ਕਰਨ ਲਈ ਇਕ ਪਾਰਦਰਸ਼ੀ ਫਾਰਮੂਲਾ ਹੋਣਾ ਚਾਹੀਦਾ ਹੈ, ਜਿਸ ਵਿੱਚ ਕੇਂਦਰ ਸਰਕਾਰ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਐਲ.ਪੀ.ਜੀ ਅਤੇ ਮਿੱਟੀ ਦਾ ਤੇਲ ਸਸਤਾ ਦੇਣ ਦੇ ਬਹਾਨੇ ਇਹ ਕੰਪਨੀਆਂ ਮਨਮਰਜ਼ੀ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਇਸ ਸਾਜਿਸ਼ ਵਿੱਚ ਪੂਰੀ ਭਾਈਵਾਲ ਹੈ।
ਅਕਾਲੀ ਦਲ ਦੇ ਨੌਜਵਾਨ ਪ੍ਰਧਾਨ ਸ. ਬਾਦਲ ਨੇ ਕਿਹਾ ਕਿ ਉਹ ਅਗਲੇ ਕੁਝ ਦਿਨਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਸਾਂਸਦਾਂ ਦਾ ਇਕ ਵਫਦ ਲੈ ਕੇ ਪੈਟਰੋਲੀਅਮ ਮੰਤਰੀ ਸ਼੍ਰੀ ਮੁਰਲੀ ਦਿਓਰਾ ਨੂੰ ਮਿਲ ਕੇ ਇਹ ਮੰਗ ਕਰਨਗੇ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ ਹਾਲੀਆ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਦਿਨ-ਪ੍ਰਤੀ ਦਿਨ ਹੋ ਰਹੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਲੱਕ ਤੋੜਵੇਂ ਵਾਧੇ ਤੋਂ ਪੀੜਤ ਜਨਤਾ ਨੂੰ ਰਾਹਤ ਦੇਣ ਲਈ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਇਸ ਵਾਧੇ ਨੂੰ ਤੁਰੰਤ ਵਾਪਸ ਲਵੇ।
ਇਸ ਮੌਕੇ ਸਿੱਖਿਆ ਮੰਤਰੀ ਬੀਬੀ ਉਪਿੰਦਰਜੀਤ ਕੌਰ, ਸਾਂਸਦ ਸ਼ੇਰ ਸਿੰਘ ਘੁਬਾਇਆ ਤੇ ਸਾਬਕਾ ਸਾਂਸਦ ਗੁਰਦਾਸ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਸ: ਬਲਵਿੰਦਰ ਸਿੰਘ ਭੂੰਦੜ ਨੇ ਇਲਾਕੇ ਦੇ ਵਿਕਾਸ ਲਈ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਇਸ ਜ਼ਿਮਨੀ ਚੋਣ 'ਚ ਰਿਕਾਰਡ ਤੋੜ ਜਿੱਤ ਦਿਵਾਉਣ।