ਵੀਜ਼ਾ ਸ਼ਰਤਾਂ ਦੀ ਕੁੜੱਤਣ
ਚੈੱਕ ਗਣਰਾਜ ਤੇ ਕੈਨੇਡਾ ਦੇ ਸਬੰਧ ਵਿਗੜੇ, ਰਾਜਦੂਤ ਵਾਪਸ ਸੱਦਿਆ
ਟੋਰਾਂਟੋ, 17 ਜੁਲਾਈ :ਚੈੱਕ ਗਣਰਾਜ ਦੀ ਸਰਕਾਰ ਨੇ ਕੈਨੇਡਾ ਸਰਕਾਰ ਦੇ ਵੀਜ਼ਾ ਨਿਯਮ ਬਦਲਣ 'ਤੇ ਗਰਮੀ ਖਾਂਦਿਆਂ ਆਪਣੇ ਕੂਟਨੀਤਕ ਸਬੰਧ ਤੋੜਨ ਦਾ ਸੰਕੇਤ ਦਿੱਤਾ ਹੈ। ਚੈੱਕ ਲੋਕਾਂ ਦੇ ਕੈਨੇਡਾ ਆਉਣ ਲਈ ਹਾਲ ਹੀ ਵਿਚ ਕੈਨੇਡਾ ਵਲੋਂ ਵੀਜ਼ਾ ਸ਼ਰਤਾਂ ਠੋਸਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਗੱਲੋਂ ਨਾਰਾਜ਼ਗੀ ਜ਼ਾਹਰ ਕਰਦਿਆਂ ਚੈਕ ਪ੍ਰਧਾਨ ਮੰਤਰੀ ਜੈਨ ਫਿਸ਼ਰ ਨੇ ਬੁੱਧਵਾਰ ਨੂੰ ਕੈਨੇਡਾ ਵਿਚਲੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ ਅਤੇ ਨਾਲ ਲੱਗਵਾਂ ਇਹ ਬਿਆਨ ਵੀ ਦਿੱਤਾ ਹੈ ਕਿ ਚੈੱਕ ਗਣਰਾਜ ਆਉਣ ਲਈ ਕੈਨੇਡਿਆਈ ਰਾਜਦੂਤ ਵੀ ਹੁਣ ਵੀਜ਼ਾ ਲੈ ਕੇ ਹੀ ਆਉਣ। ਕੁਝ ਰਿਪੋਰਟਾਂ ਇਹ ਵੀ ਮਿਲੀਆਂ ਹਨ ਕਿ ਚੈੱਕ ਗਣਰਾਜ ਇਸ ਕੈਨੇਡਿਆਈ ਫ਼ੈਸਲੇ ਦੇ ਖਿਲਾਫ਼ 27 ਮੁਲਕੀ ਯੂਰਪੀਅਨ ਸੰਘ ਤੋਂ ਹਮਾਇਤ ਲੈਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।
ਵਰਣਨਯੋਗ ਹੈ ਕਿ ਕੈਨੇਡਾ ਦੀ ਕੰਜ਼ਰਵੇਟਿਵ ਸਰਕਾਰ ਨੇ ਆਉਂਦੇ ਮੰਗਲਵਾਰ ਤੋਂ ਚੈੱਕ ਗਣਰਾਜ ਅਤੇ ਮੈਕਸੀਕੋ 'ਤੇ ਵੀਜ਼ਾ ਸ਼ਰਤਾਂ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ ਹੈ। ਉਧਰ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੋਸਨ ਕੇਨੀ ਨੇ ਕਿਹਾ ਕਿ ਅਜਿਹਾ ਕਰਨਾ ਹੁਣ ਬਹੁਤ ਜ਼ਰੂਰੀ ਹੋ ਗਿਆ ਸੀ ਕਿਉਂਕਿ ਇਨ੍ਹਾਂ ਦੋਹਾਂ ਮੁਲਕਾਂ ਤੋਂ ਆਉਂਦੇ ਸ਼ਰਨਾਰਥੀ ਕੇਸ ਕੈਨੇਡਾ ਦੇ ਸ਼ਰਨਾਰਥੀ ਸੁਣਵਾਈ ਸਿਸਟਮ 'ਤੇ ਬਹੁਤ ਵੱਡਾ ਬੋਝ ਬਣਦੇ ਜਾ ਰਹੇ ਸਨ। ਹਾਲਾਂਕਿ ਚੈੱਕ ਪ੍ਰਧਾਨ ਮੰਤਰੀ ਨੇ ਕੈਨੇਡਾ ਸਰਕਾਰ ਦੇ ਇਸ ਫ਼ੈਸਲੇ ਨੂੰ ਮੰਦਭਾਗਾ ਕਿਹਾ ਹੈ ਅਤੇ ਇਸ ਨੂੰ ਸੈਲਾਨੀ ਖੇਤਰ ਲਈ ਵਿਘਨ ਅਤੇ ਘਾਟਾ ਦੱਸਿਆ।
ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਅਨੁਸਾਰ ਚੈੱਕ ਗਣਰਾਜ ਦੇ ਘੱਟਗਿਣਤੀ ਅਰੋਮਾ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਰਾਜਨੀਤਕ ਸ਼ਰਨ ਮੰਗਣ ਦੇ ਕੇਸ ਦਿਨੋ-ਦਿਨ ਵੱਧ ਰਹੇ ਸਨ। ਇਹ ਅਰੋਮਾ ਲੋਕ ਕਥਿਤ ਤੌਰ 'ਤੇ ਮਨੁੱਖੀ ਅਧਿਕਾਰ ਸੰਗਠਨਾਂ ਮੁਤਾਬਕ ਆਪਣੇ ਮੁਲਕ 'ਚ ਨਸਲਵਾਦ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਹਨ।
ਉਧਰ ਮੈਕਸੀਕਨ ਸਰਕਾਰ ਨੇ ਵੀ ਇਸ ਫ਼ੈਸਲੇ 'ਤੇ ਚਿੰਤਾ ਜ਼ਾਹਰ ਕੀਤੀ ਹੈ ਪਰ ਅਜੇ ਵਿਚਾਰ-ਵਟਾਂਦਰੇ ਲਈ ਸਾਰੇ ਰਾਹ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਹੈ। ਨਵੀਆਂ ਵੀਜ਼ਾ ਸ਼ਰਤਾਂ ਅਨੁਸਾਰ ਹੁਣ ਚੈੱਕ ਲੋਕਾਂ ਨੂੰ ਕੈਨੇਡਾ ਪੜ੍ਹਾਈ, ਸੈਰ-ਸਪਾਟਾ ਜਾਂ ਕੰਮ ਕਰਨ ਲਈ ਆਉਣ ਵਾਸਤੇ ਆਰਜ਼ੀ ਵੀਜ਼ਾ ਲੈਣਾ ਪਵੇਗਾ, ਜਿਸ ਲਈ ਚੈੱਕ ਲੋਕਾਂ ਨੂੰ ਆਪਣੀਆਂ ਵੀਜ਼ਾ ਦਰਖ਼ਾਸਤਾਂ ਆਸਟਰੇਲੀਆ ਸਥਿਤ ਕੈਨੇਡਿਆਈ ਸਫ਼ਾਰਤਖਾਨੇ ਨੂੰ ਘੱਲਣੀਆਂ ਪੈਣਗੀਆਂ ਪਰ ਇਹ ਸਭ-ਕੁਝ ਚੈੱਕ ਸਰਕਾਰ ਨੂੰ ਗਵਾਰਾ ਨਹੀਂ ਹੈ।
 ਕੈਨੇਡਾ ਵਿਚ 2005 ਤੋਂ ਹੁਣ ਤੱਕ ਮੈਕਸੀਕਨ ਰਫ਼ਿਊਜ਼ੀਆਂ ਦੀ ਗਿਣਤੀ ਕੋਈ ਤਿਗੁਣੀ ਹੋ ਗਈ ਹੈ, 2008 'ਚ 9400 ਰਫ਼ਿਊਜ਼ੀ ਕੇਸ ਦਰਜ ਹੋਏ ਹਨ ਅਤੇ ਕੈਨੇਡਿਆਈ ਰਫ਼ਿਊਜ਼ੀ ਬੋਰਡ ਨੇ ਪਿਛਲੇ ਸਾਲ ਕੋਈ 5654 ਕੇਸ ਪੜਤਾਲੇ ਜਿਨ੍ਹਾਂ ਵਿਚੋਂ ਮਸਾਂ 600 ਪਾਸ ਕੀਤੇ ਗਏ ਸਨ। ਸੈਰ ਸਪਾਟੇ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਕੈਨੇਡਾ ਵਾਸਤੇ ਮੈਕਸੀਕੋ ਛੇਵਾਂ ਵੱਡਾ ਸੈਲਾਨੀ ਮੁਲਕ ਹੈ। ਇਸੇ ਕਰਕੇ ਸੈਲਾਨੀ ਵਿਭਾਗ ਵੀ ਕੈਨੇਡੀਅਨ ਸਰਕਾਰ ਨੂੰ ਕਹਿ ਰਿਹਾ ਹੈ ਕਿ 15 ਨਵਬੰਰ ਤੱਕ ਮੈਕਸੀਕਨ ਸੈਲਾਨੀਆਂ ਲਈ ਵੀਜ਼ਾ ਸ਼ਰਤਾਂ ਢਿੱਲੀਆਂ ਰੱਖੀਆਂ ਜਾਣ।
2007 'ਚ ਕੈਨੇਡਾ ਨੇ ਚੈੱਕ ਨਾਗਰਿਕਾਂ ਤੋਂ ਇਹ ਵੀਜ਼ਾ ਸ਼ਰਤਾਂ ਚੁੱਕ ਲਈਆਂ ਸਨ ਅਤੇ ਹੁਣ ਮੁੜ ਬਹਾਲ ਕਰ ਦਿੱਤੀਆਂ ਹਨ। ਪਹਿਲਾਂ ਵੀ ਅਜਿਹੀ ਸਥਿਤੀ ਆਈ ਸੀ ਜਦੋਂ 90ਵਿਆਂ 'ਚ ਅਰੋਮਾ ਸ਼ਰਨਾਰਥੀਆਂ ਦਾ ਇਥੇ ਹੜ੍ਹ ਆ ਗਿਆ ਸੀ। 2008 'ਚ 840 ਸ਼ਰਨਾਰਥੀ ਕੇਸ ਆਏ ਅਤੇ ਇਨ੍ਹਾਂ ਸ਼ਰਤਾਂ ਚੁੱਕਣ ਤੋਂ ਬਾਅਦ ਕੁੱਲ ਮਿਲਾ ਕੇ ਕੋਈ 3000 ਕੇਸ ਦਰਜ ਹੋਏ ਦੱਸੇ ਜਾ ਰਹੇ ਹਨ ਜਦੋਂਕਿ 2006 ਵਿਚ ਸਿਰਫ਼ 5 ਕੇਸ ਹੋਏ ਸਨ।