ਵੀਜ਼ਾ ਨੇਮਾਂ 'ਚ ਉਲੰਘਣਾ
ਆਸਟਰੇਲੀਆ ਨੇ 36 ਵਿਦੇਸ਼ੀ ਵਿਦਿਆਰਥੀ ਹਿਰਾਸਤ 'ਚ ਲਏ
ਉਲੰਘਣਾ ਕਰਨ ਵਾਲਿਆਂ ਵਿਚੋਂ ਬਹੁਤੇ ਭਾਰਤੀ, ਚੀਨੀ ਜਾਂ ਪਾਕਿਸਤਾਨੀ

ਮੈਲਬਰਨ, 17 ਜੁਲਾਈ :ਆਸਟਰੇਲੀਆ ਦੇ ਇਮੀਗਰੇਸ਼ਨ ਵਿਭਾਗ ਨੇ 36 ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਬਦਲੇ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ ਦੇਸ਼ ਵਿਚ ਰਿਹਾਇਸ਼ ਦੀ ਮਿਆਦ ਵਿਹਾ ਚੁੱਕਣ ਮਗਰੋਂ ਵੀ ਇਥੇ ਹੀ ਫ਼ਸੇ ਹੋਏ ਹਨ। 'ਅਖ਼ਬਾਰ ਦਿ ਆਸਟਰੇਲੀਅਨ' ਦੀ ਰਿਪੋਰਟ ਅਨੁਸਾਰ ਜਨਵਰੀ 2001 ਤੋਂ ਹੁਣ ਤੱਕ 2646 ਦੇ ਲਗਭਗ ਵਿਦੇਸ਼ੀ ਵਿਦਿਆਰਥੀ ਹਿਰਾਸਤ ਵਿਚ ਲਏ ਗਏ ਹਨ, ਜਿਨ੍ਹਾਂ ਵਿਚੋਂ ਬਹੁ ਗਿਣਤੀ ਭਾਰਤੀ, ਚੀਨੀ ਤੇ ਪਾਕਿਸਤਾਨੀ ਵਿਦਿਆਰਥੀਆਂ ਦੀ ਹੈ।
ਇਮੀਗਰੇਸ਼ਨ ਵਿਭਾਗ ਦੀ ਤਰਜ਼ਮਾਨ ਨੇ ਕਿਹਾ ਕਿ ਹਿਰਾਸਤ ਵਿਚ ਲਏ ਗਏ ਵਿਦਿਆਰਥੀ 18 ਤੋਂ 21 ਵਰ੍ਹਿਆਂ ਦੀ ਉਮਰ ਵਰਗ ਵਿਚਾਲੇ ਹਨ ਤੇ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ ਕਿਸੇ ਨੇ ਵੀ ਆਪਣੇ ਕੋਰਸ ਸਬੰਧੀ ਕੋਈ ਉਲੰਘਣਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਹਿਰਾਸਤ ਵਿਚ ਲਿਆ ਜਾਣਾ ਉਨ੍ਹਾਂ ਲਈ ਵੱਡਾ ਅੜਿੱਕਾ ਬਣ ਸਕਦਾ ਹੈ। ਹਾਲਾਂਕਿ ਸਰਕਾਰ ਨੂੰ ਸਪੱਸ਼ਟ ਹੈ ਕਿ ਉਹ ਇਥੋਂ ਦੇ ਜੀਵਨ ਢੰਗ ਦੇ ਲਾਲਚ ਵਿਚ ਆਪਣੀ ਕਾਨੂੰਨੀ ਪਛਾਣ ਗਵਾ ਬੈਠੇ ਹਨ।
 ਮਾਈਗਰੇਸ਼ਨ ਇੰਸਟੀਚਿਊਟ ਆਫ਼ ਆਸਟਰੇਲੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ ਮੌਰੀਨ ਹੋਰਡਰ ਤੇ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਦੇ ਖੋਜਾਰਥੀ ਲਿੲੈਨ ਵੈਬਰ ਨੇ ਕਿਹਾ ਕਿ ਦੇਸ਼ ਦੀ ਸੈਨੇਟ ਵਲੋਂ 2006 ਵਿਚ ਨੌਜਵਾਨ ਵਿਦਿਆਰਥੀਆਂ ਨਾਲ ਨਰਮੀ ਵਰਤੇ ਜਾਣ ਦਾ ਨਿਰਦੇਸ਼ ਦਿੱਤਾ ਗਿਆ ਹੋਣ ਦੇ ਬਾਵਜੂਦ ਵਰਤੀ ਜਾ ਰਹੀ ਸਖ਼ਤੀ ਨਾਜਾਇਜ਼ ਹੈ।
ਉਧਰ ਇਕ ਹੋਰ ਅਖ਼ਬਾਰ 'ਦਿ ਏਜ' ਦੀ ਇਕ ਰਿਪੋਰਟ ਅਨੁਸਾਰ ਕਈ ਵਿਦੇਸ਼ੀ ਵਿਦਿਆਰਥੀ ਆਸਟਰੇਲੀਆ ਵਿਚ ਆਰਥਿਕ ਗੁਲਾਮੀ ਦਾ ਸ਼ਿਕਾਰ ਹੋ ਰਹੇ ਹਨ ਤੇ ਮਿਆਦ ਵਿਹਾ ਚੁੱਕਣ ਮਗਰੋਂ ਵੀ ਦੇਸ਼ ਵਿਚ ਰਹਿਣ ਲਈ ਕਾਨੂੰਨੀ ਚੋਰ-ਮੋਰੀਆਂ ਲੱਭ ਕੇ ਕਈ ਵਾਰ ਮੁਫ਼ਤ ਕੰਮ ਕਰਨ ਲੱਗ ਪਏ ਹਨ ਤੇ ਕਈ ਵਾਰ ਪੈਸੇ ਭਰ ਕੇ ਅਜਿਹਾ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ ਜਿਥੇ ਉਨ੍ਹਾਂ ਨੂੰ ਕੋਈ ਕਮਾਈ ਨਹੀਂ।
 ਅਜਿਹੇ ਵਿਦਿਆਰਥੀ ਜ਼ਿਆਦਾ ਕਰਕੇ ਉਹ ਹਨ, ਜੋ ਵਿਦੇਸ਼ਾਂ ਤੋਂ ਇਥੇ ਕਿੱਤਾ-ਮੁਖੀ ਕੋਰਸ ਕਰਨ ਲਈ ਆਏ ਹਨ ਤੇ ਉਨ੍ਹਾਂ ਦੀ ਬਹੁਤ ਵੱਡੀ ਗਿਣਤੀ ਨੂੰ ਪ੍ਰਾਈਵੇਟ ਕਾਲਜਾਂ ਵਿਚ ਪੜ੍ਹਾਈ ਹੋਣ ਕਾਰਨ ਸਿਖ਼ਲਾਈ ਪ੍ਰਦਾਨ ਕਰਨ ਦੇ ਮੌਕੇ ਵੀ ਉਨ੍ਹਾਂ ਨੂੰ ਨਹੀਂ ਦਿੱਤੇ ਜਾ ਰਹੇ। ਅਜਿਹੇ ਵਿਦਿਆਰਥੀ ਆਸਟਰੇਲੀਆ ਵਿਚ ਆਪਣੀ ਰਿਹਾਇਸ਼ ਬਣਾਈ ਰੱਖਣ ਲਈ ਦੋ-ਦੋ ਲੱਖ ਅਮਰੀਕੀ ਡਾਲਰ ਤੱਕ ਦਾ ਖਰਚਾ ਵੀ ਪੱਲਿਓਂ ਕਰ ਚੁੱਕੇ ਹਨ।
 ਅਖ਼ਬਾਰ 'ਦਿ ਹੈਰਲਡ' ਦੀ ਰਿਪੋਰਟ ਵਿਚ ਇਮੀਗਰੇਸ਼ਨ ਏਜੰਟ ਕਾਰਲ ਕੋਨਾਰਡ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਿੱਤਾਮੁਖੀ ਕੋਰਸਾਂ ਵਿਚ ਸਿੱਖਿਆ ਲੈਣ ਦੌਰਾਨ 900 ਘੰਟੇ ਕੰਮ ਕਰਨ ਦੀ ਸੂਰਤ ਵੀ ਵਿਦੇਸ਼ੀ ਵਿਦਿਆਰਥੀਆਂ ਲਈ ਮਾਰੂ ਸਿੱਧ ਹੋ ਰਹੀ ਹੈ ਕਿਉਂਕਿ ਉਹ ਸਿਖਲਾਈ ਕੇਂਦਰਾਂ 'ਤੇ ਸਾਜ਼ੋ-ਸਾਮਾਨ ਵਰਤਣ ਲਈ ਘੱਟੋ-ਘੱਟ ਇਕ ਹਜ਼ਾਰ ਅਮਰੀਕੀ ਡਾਲਰ ਨਾ-ਮੁੜਨਯੋਗ ਫ਼ੀਸ ਵਜੋਂ ਪੱਲਿਓਂ ਕੰਪਨੀ ਵਿਚ ਜਮ੍ਹਾਂ ਕਰਵਾਉਂਦੇ ਹਨ। ਸ੍ਰੀ ਕੋਨਾਰਡ ਨੇ ਕਿਹਾ ਕਿ ਅਸਲ ਵਿਚ ਦੇਸ਼ ਨੂੰ ਸਮਝਣਾ ਚਾਹੀਦਾ ਹੈ ਕਿ ਅਜਿਹੇ ਨਿਯਮਾਂ ਨਾਲ ਦੇਸ਼ ਵਿਚ ਮੌਜੂਦ ਮੁਫ਼ਤ ਕਿਰਤੀ ਫ਼ੌਜ ਤੇ ਵਿਦਿਆਰਥੀਆਂ ਵਲੋਂ 900 ਘੰਟੇ ਦੀ ਕਿਰਤ ਲਈ ਰੁਜ਼ਗਾਰਦਾਤਾਵਾਂ ਕੋਲੋਂ ਸਰਟੀਫ਼ਿਕੇਟ ਲੈਣ ਲਈ ਪੱਲਿਓਂ ਕੀਤੀ ਜਾ ਰਹੀ ਅਦਾਇਗੀ ਸਾਰੇ ਸਿਸਟਮ ਨੂੰ ਭ੍ਰਿਸ਼ਟ ਕਰਨ ਵੱਲ ਪਹਿਲਾ ਕਦਮ ਹੈ।