ਮਨਮੋਹਨ ਦਾ ਸੱਦਾ : ਦਹਿਸ਼ਤਗਰਦਾਂ ਨੂੰ ਪਨਾਹ ਨਾ ਦਿੱਤੀ ਜਾਵੇ
ਗੁੱਟ ਨਿਰਲੇਪ ਸੰਮੇਲਨ ਦੌਰਾਨ ਪਾਕਿਸਤਾਨ ਦੀ ਅਸਿੱਧੀ ਖਿਚਾਈ
ਸ਼ਰਮ-ਅਲ-ਸ਼ੇਖ, 17 ਜੁਲਾਈ :ਗੁੱਟ ਨਿਰਲੇਪ ਲਹਿਰ ਦੇ 15ਵੇਂ ਸਿਖ਼ਰ ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨਾਲ ਮੁਲਾਕਾਤ ਤੋਂ ਪਹਿਲਾਂ ਗੁਆਂਢੀ ਮੁਲਕ ਨੂੰ ਸਖ਼ਤ ਸੁਨੇਹਾ ਦਿੰਦਿਆਂ ਮੈਂਬਰ ਦੇਸ਼ਾਂ ਨੂੰ ਕਿਹਾ ਕਿ ਉਹ ਅੱਤਵਾਦੀਆਂ ਨੂੰ ਪਨਾਹ ਮੁਹਈਆ ਨਾ ਕਰਵਾਉਣ ਅਤੇ ਅੱਤਵਾਦੀ ਢਾਂਚੇ ਨੂੰ ਖ਼ਤਮ ਕਰਨ ਲਈ ਕੌਮਾਂਤਰੀ ਪੱਧਰ 'ਤੇ ਅਹਿਦ ਕਰਨ।
ਡਾ. ਮਨਮੋਹਨ ਸਿੰਘ ਨੇ 118 ਮੈਂਬਰ ਦੇਸ਼ਾਂ ਵਾਲੇ ਸਮੂਹ ਦੇ ਦੋ-ਦਿਨਾਂ ਸਿਖ਼ਰ ਸੰਮੇਲਨ ਦੇ ਉਦਘਾਟਨ ਸੈਸ਼ਨ ਵਿਚ ਕਿਹਾ, ''ਹਾਲ ਦੇ ਸਾਲਾਂ ਦੌਰਾਨ ਅੱਤਵਾਦੀ ਸੰਗਠਨ ਕਾਫ਼ੀ ਅਤਿ ਆਧੁਨਿਕ, ਵੱਧ ਸੰਗਠਿਤ ਅਤੇ ਬੇਖੌਫ਼ ਹੋ ਗਏ ਹਨ। ਉਨ੍ਹਾਂ ਦੀ ਮਦਦ ਕਰਨ ਵਾਲਿਆਂ ਤੇ ਉਨ੍ਹਾਂ ਨੂੰ ਉਕਸਾਉਣ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।'' ਆਪਣੇ ਭਾਸ਼ਨ ਵਿਚ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੇ ਭਾਸ਼ਨ ਤੋਂ ਸਭ ਨੂੰ ਸਪੱਸ਼ਟ ਸੀ ਕਿ ਉਨ੍ਹਾਂ ਦਾ ਇਸ਼ਾਰਾ ਕਿਸ ਵੱਲ ਹੈ।
  ਪ੍ਰਧਾਨ ਮੰਤਰੀ ਭਲਕੇ ਗਿਲਾਨੀ ਨਾਲ ਮੁਲਾਕਾਤ ਕਰਨਗੇ ਤਾਂ ਜੋ ਉਨ੍ਹਾਂ ਤੋਂ ਇਹ ਸਪੱਸ਼ਟ ਵਾਅਦਾ ਲੈ ਸਕਣ ਕਿ ਉਹ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਖਿਲਾਫ਼ ਅੱਤਵਾਦੀ ਸਰਗਰਮੀਆਂ ਨੂੰ ਰੋਕੇਗਾ ਤੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਖਿਲਾਫ਼ ਮੁਕੱਦਮਿਆਂ ਦੀ ਰਫ਼ਤਾਰ ਤੇਜ਼ ਕਰੇਗਾ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਅੱਤਵਾਦ ਦੇ ਢਾਂਚੇ ਨੂੰ ਤਬਾਹ ਕੀਤਾ ਜਾਣਾ ਚਾਹੀਦਾ ਹੈ ਤੇ ਅੱਤਵਾਦੀਆਂ ਲਈ ਕੋਈ ਪਨਾਹਗਾਹ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਕਿਸੇ ਉਦੇਸ਼, ਸਮੂਹ ਜਾਂ ਧਰਮ ਦੀ ਪ੍ਰਤੀਨਿੱਧਤਾ ਨਹੀਂ ਕਰਦੇ। ਉਨ੍ਹਾਂ ਕੌਮਾਂਤਰੀ ਅੱਤਵਾਦ ਦੀ ਰੋਕਥਾਮ ਲਈ ਇਕ ਵਿਆਪਕ ਸੰਧੀ ਕਰਨ ਦੀ ਗੱਲ ਕੀਤੀ। ਭਾਰਤ ਨੇ ਇਹ ਮੁੱਦਾ ਸੰਯੁਕਤ ਰਾਸ਼ਟਰ ਵਿਚ ਵੀ ਉਠਾਇਆ ਸੀ। ਉਨ੍ਹਾਂ ਕਿਹਾ, ''ਸਮਾਂ ਆ ਗਿਆ ਹੈ ਕਿ ਅਸੀਂ ਅਜਿਹੀ ਸੰਧੀ 'ਤੇ ਸਹਿਮਤ ਹੋ ਜਾਈਏ।'' ਡਾ. ਸਿੰਘ ਨੇ ਕਿਹਾ ਕਿ ਮਿਸਰ ਨੂੰ ਮਿਲੀ ਗੁੱਟ ਨਿਰਲੇਪ ਅੰਦੋਲਨ ਦੀ ਪ੍ਰਧਾਨਗੀ ਹੇਠ ਇਹ ਸਿਖ਼ਰ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਵਿਸ਼ਵੀਕਰਨ ਦੇ ਲਾਭ ਤੇ ਇਸ ਦੇ ਬੋਝ ਦੀ ਵੰਡ ਸਹੀ ਢੰਗ ਨਾਲ ਨਹੀਂ ਹੋਈ, ਜਿਸ ਕਾਰਨ ਵਿਕਾਸਸ਼ੀਲ ਮੁਲਕਾਂ ਲਈ ਵਿੱਤੀ ਮੰਦੀ ਨਾਲ ਨਜਿੱਠਣਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ, ''ਜੇਕਰ ਸੰਕਟ ਮਗਰੋਂ ਹਾਲਾਤ ਨੂੰ ਸਾਵਧਾਨੀ ਨਾਲ ਨਾ ਨਜਿੱਠਿਆ ਗਿਆ ਤੇ ਨਕਦੀ ਦੇ ਵੱਧ ਰਹੇ ਵਹਾਅ ਕਾਰਨ ਸੱਟੇਬਾਜ਼ੀ ਨੂੰ ਹਵਾ ਮਿਲੀ ਤਾਂ ਹੋ ਸਕਦਾ ਹੈ ਕਿ ਅਸੀਂ ਲੰਮੇ ਸਮੇਂ ਦੀ ਮੰਦੀ ਤੇ ਬੇਰੁਜ਼ਗਾਰੀ ਨੂੰ ਦੇਖੀਏ।''
 ਪਾਕਿ ਨੇ ਫ਼ਿਰ ਅਲਾਪਿਆ 'ਕਸ਼ਮੀਰ ਰਾਗ' : ਪਾਕਿਸਤਾਨ ਨੇ ਗੁੱਟ ਨਿਰਲੇਪ ਲਹਿਰ ਸੰਮੇਲਨ ਦੌਰਾਨ ਕਸ਼ਮੀਰ ਦਾ ਮਾਮਲਾ ਉਠਾਇਆ। 118 ਦੇਸ਼ਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਦੱਖਣੀ ਏਸ਼ੀਆ ਵਿਚ ਸਥਾਈ ਸ਼ਾਂਤੀ ਜੰਮੂ-ਕਸ਼ਮੀਰ ਸਮੇਤ ਸਾਰੇ ਬਕਾਇਆ ਮਸਲੇ ਸੁਲਝਾਏ ਜਾਣ 'ਤੇ ਆਧਾਰਿਤ ਹੈ।
 ਪਾਕਿਸਤਾਨੀ ਆਗੂ ਨੇ ਕਿਹਾ ਕਿ ਹਾਲ ਹੀ ਵਿਚ ਇਸ ਪਾਸੇ ਵੱਲ ਕੁਝ ਪ੍ਰਾਪਤੀ ਤਾਂ ਹੋਈ ਹੈ ਤੇ ਅੱਗੋਂ ਵੀ ਇਸ ਪ੍ਰਕਿਰਿਆ ਦੇ ਜ਼ੋਰ ਫੜਨ ਦੀ ਆਸ ਹੈ ਤਾਂ ਕਿ ਵਿਸ਼ਵ ਦੇ ਡੇਢ ਅਰਬ ਲੋਕਾਂ ਨੂੰ ਸ਼ਾਂਤੀ ਪ੍ਰਦਾਨ ਕੀਤੀ ਜਾ ਸਕੇ।
ਚੀਨ ਨਾਲ ਨੇੜਤਾ ਵਧਾਉਣ ਦਾ ਸੱਦਾ :  ਭਾਰਤ ਸਮੇਤ ਗੁੱਟ ਨਿਰਲੇਪ ਲਹਿਰ ਦੇਸ਼ਾਂ ਦੇ ਆਗੂਆਂ ਨੇ ਇਥੇ ਬਹਿ ਕੇ ਆਲਮੀ ਵਿੱਤੀ ਸੰਕਟ ਨਾਲ ਸਿੱਝਣ ਦੀ ਰਣਨੀਤੀ ਘੜੀ ਅਤੇ ਦਹਿਸ਼ਤਵਾਦ ਨਾਲ ਲੜਨ ਅਤੇ ਅਮਨ ਤੇ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਕੌਮਾਂਤਰੀ ਇਕਜੁੱਟਤਾ ਦੀ ਉਮੰਗ ਪ੍ਰਗਟਾਈ।
ਲਾਲ ਸਾਗਰ ਦੇ ਕੰਢੇ 'ਤੇ ਮਿਸਰ ਦੇ ਤਫਰੀਹ ਲਈ ਮਸ਼ਹੂਰ ਇਸ ਸ਼ਹਿਰ ਵਿਚ 118 ਵਿਕਾਸਸ਼ੀਲ ਦੇਸ਼ਾਂ ਦੇ ਦੋ-ਰੋਜ਼ਾ 15ਵੇਂ ਗੁੱਟ-ਨਿਰਲੇਪ ਲਹਿਰ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਊਬਾ ਦੇ ਰਾਸ਼ਟਰਪਤੀ ਰਾਓਲ ਕਾਸਤਰੋ ਨੇ ਕਿਹਾ ਕਿ ਇਹ ਗੁੱਟ ਇਸ ਗੱਲ ਦਾ ਧਾਰਨੀ ਹੈ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਚੱਲ ਰਹੇ ਵਿੱਤੀ ਸੰਕਟ ਨਾਲ ਸਿੱਝਣ ਲਈ ਕਾਰਗਰ ਤੇ ਨਿਆਂਈ ਤੌਰ-ਤਰੀਕਿਆਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਲਹਿਰ ਦੇ ਫ਼ਾਰਗ ਹੋ ਰਹੇ ਚੇਅਰਮੈਨ ਕਿਊਬਾਈ ਰਾਸ਼ਟਰਪਤੀ ਨੇ ਕਿਹਾ ਕਿ ਗੁੱਟ ਨਿਰਲੇਪ ਲਹਿਰ ਨੂੰ ਸਮਾਨਤਾ ਅਤੇ ਟਿਕਾਊ ਵਿਕਾਸ ਦੇ ਇਕ ਨਵੇਂ ਆਲਮੀ ਆਰਥਿਕ ਪ੍ਰਬੰਧ ਦੀ ਸਿਰਜਣਾ ਦੇ ਯਤਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ, ਜਿਨ੍ਹਾਂ ਸ੍ਰੀ ਕਾਸਤਰੋ ਤੋਂ ਤਿੰਨ ਸਾਲਾਂ ਲਈ ਨੈਮ ਦੀ ਚੇਅਰਮੈਨੀ ਸੰਭਾਲੀ, ਨੇ ਆਲਮੀ ਅਮਨ ਅਤੇ ਵਿਕਾਸ ਨੂੰ ਮਜ਼ਬੂਤ ਬਣਾਉਣ ਲਈ ਗੰਭੀਰ ਯਤਨਾਂ ਅਤੇ ਕੌਮਾਂਤਰੀ ਇਕਜੁੱਟਤਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕੌਮਾਂਤਰੀ ਮਾਲੀ ਪ੍ਰਬੰਧ ਦੀ ਗੱਲ ਕਰਦਿਆਂ ਜਲਵਾਯੂ ਤਬਦੀਲੀ, ਖ਼ੁਰਾਕ ਸੁਰੱਖਿਆ, ਅਮਨ ਤੇ ਸੁਰੱਖਿਆ, ਨਿਸ਼ਸਤਰੀਕਰਨ, ਮਨੁੱਖੀ ਅਧਿਕਾਰਾਂ ਤੇ ਕਾਨੂੰਨ ਦੇ ਰਾਜ ਜਿਹੀਆਂ ਚੁਣੌਤੀਆਂ ਨਾਲ ਸਿੱਝਣ ਲਈ ਜੰਗੀ ਪੱਧਰ 'ਤੇ ਯਤਨ ਕਰਨ ਦੀ ਲੋੜ ਦਰਸਾਈ। ਸਮਕਾਲੀ ਆਲਮੀ ਚੁਣੌਤੀਆਂ ਨਾਲ ਕਾਰਗਰ ਢੰਗ ਨਾਲ ਸਿੱਝਣ ਲਈ ਇਕ ਨਵਾਂ ਕੌਮਾਂਤਰੀ ਨਿਜ਼ਾਮ ਕਾਇਮ ਕਰਨ ਦੇ ਮਨੋਰਥ ਨੂੰ ਲੈ ਕੇ ਇਹ ਸਿਖ਼ਰ ਸੰਮੇਲਨ ਕਰਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਤੋਂ ਬਾਹਰ ਦੇਸ਼ਾਂ ਦੀ ਇਹ ਸਭ ਤੋਂ ਵੱਡੀ ਇਕੱਤਰਤਾ ਮੰਨੀ ਜਾਂਦੀ ਹੈ। 
ਲਿਬੀਆ ਦੇ ਨੇਤਾ ਸ੍ਰੀ ਗੱਦਾਫ਼ੀ ਨੇ ਕਿਹਾ ਕਿ ਦਹਿਸ਼ਤਵਾਦ ਨੂੰ ਪਰਿਭਾਸ਼ਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੀ ਹਰੇਕ ਸ਼ਕਲ ਨਾਲ ਸਿੱਝਿਆ ਜਾਣਾ ਚਾਹੀਦਾ ਹੈ ਅਤੇ ਇਸ ਅਲਾਮਤ ਦੇ ਸਰੋਤਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵਿਸ ਬੈਂਕਾਂ ਦੇ ਖਾਤਿਆਂ ਵਿਚ ਅਲ-ਕਾਇਦਾ ਅਤੇ ਹੋਰਨਾਂ ਦਹਿਸ਼ਤਗਰਦ ਜਥੇਬੰਦੀਆਂ ਦੇ ਅਰਬਾਂ ਡਾਲਰ ਭਰੇ ਪਏ ਹਨ। ਫ਼ਿਲਪੀਨ ਦੀ ਰਾਸ਼ਟਰਪਤੀ ਗਲੋਰੀਆ ਅਰੋਇਓ ਨੇ ਕਿਹਾ ਕਿ ਦੁਨੀਆ ਅਜੇ ਵੀ ਆਰਥਿਕ ਸੰਕਟ ਦੀ ਗ੍ਰਿਫ਼ਤ ਵਿਚ ਹੈ ਅਤੇ ਸਥਿਤੀ ਨਾਲ ਸਿੱਝਣ ਲਈ 'ਨੈਮ' ਦੇਸ਼ਾਂ ਦਰਮਿਆਨ ਵਧੇਰੇ ਤਾਲਮੇਲ ਦੀ ਲੋੜ ਹੈ।
 ਸਿਖ਼ਰ ਸੰਮੇਲਨ ਦੇ ਐਲਾਨਨਾਮੇ ਦੇ ਖਰੜੇ ਵਿਚ ਗੁੱਟ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਈ.ਐਮ.ਐਫ਼. ਅਤੇ ਸੰਸਾਰ ਬੈਂਕ ਵਿਚ ਆਪਣੀ ਆਵਾਜ਼ ਸੁਣਾਉਣ ਲਈ ਚੀਨ ਨਾਲ ਸਹਿਯੋਗ ਕਰਨ, ਜੋ ਇਕ ਦਰਸ਼ਕ ਦੇ ਤੌਰ 'ਤੇ ਇਸ ਸੰਮੇਲਨ ਵਿਚ ਹਿੱਸਾ ਲੈ ਰਿਹਾ ਹੈ। 'ਨੈਮ' ਦੇ 53 ਦੇਸ਼ ਅਫ਼ਰੀਕਾ, 38 ਏਸ਼ੀਆ, 26 ਲਾਤੀਨੀ ਅਮਰੀਕਾ ਅਤੇ ਕੈਰੀਬੀਆ ਅਤੇ ਇਕ (ਬੇਲਾਰੂਸ) ਯੂਰਪ ਤੋਂ ਹਨ। ਗੁੱਟ ਸੰਯੁਕਤ ਰਾਸ਼ਟਰ ਦੇ ਲਗਭਗ ਦੋ ਤਿਹਾਈ ਮੈਂਬਰ ਦੇਸ਼ਾਂ ਦੀ ਤਰਜ਼ਮਾਨੀ ਕਰਦਾ ਹੈ, ਜਿਨ੍ਹਾਂ ਵਿਚ ਦੁਨੀਆ ਦੀ 55 ਫ਼ੀਸਦੀ ਵੱਸੋਂ ਰਹਿੰਦੀ ਹੈ। ਇਸ ਸਿਖ਼ਰ ਸੰਮੇਲਨ ਵਲੋਂ ਦੁਨੀਆ ਦੀ ਖੁਰਾਕ ਸਪਲਾਈ ਦੀ ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਕਈ ਦਹਾਕੇ ਪੁਰਾਣੇ ਇਜ਼ਰਾਈਲ ਫਲਸਤੀਨ ਟਕਰਾਅ ਅਤੇ ਦੱਖਣੀ ਅਫ਼ਰੀਕਾ ਦੀ ਮੁਕਤੀ ਲਹਿਰ ਦੇ ਆਗੂ ਤੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨੂੰ ਸਨਮਾਨਿਤ ਕਰਨ ਬਾਰੇ ਐਲਾਨ ਕਰਨ ਦੀ ਉਮੀਦ ਹੈ। ਭਾਰਤ 'ਨੈਮ' ਬਾਨੀ ਦੇਸ਼ਾਂ ਵਿਚੋਂ ਇਕ ਹੈ ਅਤੇ ਇਸ ਦੇ ਵਿਚਾਰਾਂ ਅਤੇ ਸਿਧਾਂਤਾਂ ਨੂੰ ਪ੍ਰਣਾਇਆ ਹੋਇਆ ਹੈ।