ਔਖੀ ਘੜੀ ਵਿਚ ਅਮਰੀਕਾ ਇੰਡੋਨੇਸ਼ੀਆ ਦੇ ਨਾਲ : ਓਬਾਮਾ
ਵਾਸ਼ਿੰਗਟਨ,18  ਜੁਲਾਈ  : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਇੰਡੋਨੇਸ਼ੀਆਂ ਦੀ ਰਾਜਧਾਨੀ ਜਕਾਰਤਾ 'ਚ ਦੋ ਆਲੀਸ਼ਾਨ ਹੋਟਲਾਂ 'ਤੇ ਹੋਏ ਬੰਬ ਧਮਾਕਿਆਂ ਦੀ ਨਿੰਦਾ ਕੀਤੀ ਹੈ। ਇਸ ਧਮਾਕੇ 'ਚ 9 ਵਿਅਕਤੀ ਮਾਰੇ ਗਏ ਸਨ ਅਤੇ 40 ਤੋਂ ਵੱਧ ਜ਼ਖਮੀ ਹੋ ਗਏ ਸਨ। ਵਾਈਟ ਹਾਊਸ ਤੋਂ ਜਾਰੀ ਓਬਾਮਾ ਦੇ ਇਕ ਬਿਆਨ ਅਨੁਸਾਰ ਕਿਹਾ ਗਿਆ ਹੈ ਕਿ ਅਮਰੀਕੀ ਜਨਤਾ ਇਸ ਮੁਸ਼ਕਲ ਦੀ ਘੜੀ 'ਚ ਇੰਡੋਨੇਸ਼ੀਆ ਦੇ ਨਾਲ ਖੜ੍ਹੀ ਹੈ।   ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਇੰਡੋਨੇਸ਼ੀਆ ਸਰਕਾਰ ਨੂੰ ਹਰ ਸੰਭਵ ਮਦਦ ਦੇਣ ਲਈ ਵੀ ਤਿਆਰ ਹੈ। ਓਬਾਮਾ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਅਤਿਵਾਦ ਕਿੰਨਾ ਨਿਰਦਈ ਹੈ ਜੋ ਸਿਰਫ ਬੇਕਸੂਰ ਲੋਕਾਂ ਦੀ ਜਾਨ ਲੈਣਾ ਜਾਣਦਾ ਹੈ। ਜ਼ਿਕਰਯੋਗ ਹੈ ਕਿ ਜਕਾਰਤਾ ਦੇ ਦੋ ਵੱਡੇ ਹੋਟਲਾਂ ਰਿਟਜ਼ ਕਾਰਲਟਨ ਅਤੇ ਜੇ ਡਬਲਿਊ ਮੈਰੀਔਟ ਸ਼ੁੱਕਰਵਾਰ ਸਵੇਰ ਵੱਡੇ ਬੰਬ ਧਮਾਕਿਆਂ ਨਾਲ ਕੰਬ ਉਠੇ ਸਨ।