ਦੋ ਧੜਿਆਂ ਵਿਚਾਲੇ ਮੀਟਿੰਗ ਨੂੰ ਲੈ ਕੇ |
ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਖੂਨੀ ਝੜਪ, 5 ਗੰਭੀਰ
ਬਰੈਂਪਟਨ, 19ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਬੀਤੇ ਐਤਵਾਰ ਬਰੈਂਪਟਨ ਦੇ ਗੁਰਦੁਆਰਾ ਸਾਹਿਬ ਵਿਖੇ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ ਤੋਂ ਬਾਅਦ ਪੰਜ ਵਿਅਕਤੀਆਂ ਨੂੰ ਗੰਭੀਰ ਰੂਪ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਝੜਪ ਗਲਿਡਨ ਰੋਡ ਨੇੜੇ ਹਾਈਵੇ-410 ਸਥਿਤ ਗੁਰੂ ਨਾਨਕ ਸਿੱਖ ਸੈਂਟਰ ਵਿਖੇ ਹੋਈ। ਇਹ ਲੜਾਈ ਉਦੋਂ ਹੋਈ ਜਦੋਂ ਇਕ ਧਿਰ ਨੇ ਦੂਜੀ ਧਿਰ ਦੀ ਹੋ ਰਹੀ ਮੀਟਿੰਗ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਸਮੇਂ ਅਨੁਸਾਰ ਬਾਅਦ ਦੁਪਹਿਰ ਤਕਰੀਬਨ 3.45 ਵਜੇ ਹੋਏ ਇਸ ਸੰਘਰਸ਼ ਵਿਚ ਤਕਰੀਬਨ 100 ਲੋਕ ਸ਼ਾਮਲ ਸਨ। ਮਾਮੂਲੀ ਤਕਰਾਰ ਤੋਂ ਵਧੀ ਇਸ ਝੜਪ ਨੇ ਛੇਤੀ ਹੀ ਭਿਆਨਕ ਰੂਪ ਧਾਰ ਲਿਆ ਅਤੇ ਛੁਰਿਆਂ, ਹਥੋੜਿਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਦੋਵੇਂ ਧਿਰਾਂ ਦੇ ਵਿਅਕਤੀਆਂ ਨੇ ਇਕ ਦੂਜੇ 'ਤੇ ਹਮਲਾ ਕਰ ਦਿੱਤਾ। ਲੜਾਈ ਇੰਨੀ ਵਧ ਗਈ ਕਿ ਸਥਾਨਕ ਪੀਲ ਖੇਤਰੀ ਪੁਲਿਸ ਨੂੰ ਹਾਲਾਤ 'ਤੇ ਕਾਬੂ ਪਾਉਣ 'ਚ ਬੜੀ ਦਿੱਕਤ ਆਈ। ਇਕ ਸਥਾਨਕ ਪੰਜਾਬੀ ਅਖਬਾਰ ਦੇ ਸੰਪਾਦਕ ਨੇ ਦੱਸਿਆ ਕਿ ਇਹ ਹੌਲਨਾਕ ਘਟਨਾ ਸੀ। ਉਨ੍ਹਾਂ ਦੱਸਿਆ ਕਿ ਲੜਾਈ ਸ਼ੁਰੂ ਹੋਣ ਤੋਂ ਕੁੱਝ ਦੇਰ ਬਾਅਦ ਉਹ ਗੁਰਦੁਆਰਾ ਸਾਹਿਬ ਪੁੱਜੇ ਸਨ ਅਤੇ ਉਨ੍ਹਾਂ ਦੇਖਿਆ ਕਿ ਖੂਨ ਵਿਚ ਲਥਪਥ ਦੋ ਵਿਅਕਤੀ ਡਿੱਗੇ ਹੋਏ ਸਨ ਜਿਨ੍ਹਾਂ ਕੋਲ ਇਕ ਹਥੌੜਾ ਪਿਆ ਸੀ। ਕਈ ਹੋਰ ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਦਿੱਤੀ ਜਾ ਰਹੀ ਸੀ ਅਤੇ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਸਾਰੇ ਫਰਸ਼ 'ਤੇ ਚਾਰੇ ਪਾਸੇ ਖੂਨ ਹੀ ਖੂਨ ਖਿਲਰਿਆ ਪਿਆ ਸੀ। ਜਦੋਂ ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਸੰਪਰਕ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਵੀ ਉਪਲਬਧ ਨਹੀਂ ਸੀ। ਗੁਰਦੁਆਰਾ ਸਾਹਿਬ ਦੇ ਮੈਂਬਰਾਂ ਨੇ ਦੱਸਿਆ ਕਿ ਦੋ ਕੁ ਦਿਨ ਪਹਿਲਾਂ ਤੋਂ ਗੜਬੜੀ ਸ਼ੁਰੂ ਹੋ ਗਈ ਸੀ, ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵਿਰੋਧੀ ਧੜੇ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ
ਗੁਰਦੁਆਰਾ ਸਾਹਿਬ ਦੇ ਅੰਦਰ ਮੀਟਿੰਗ ਕਰਨਗੇ। ਇਸ ਬਾਰੇ ਦੱਸਦਿਆਂ ਮੀਟਿੰਗ 'ਚ ਸ਼ਾਮਲ ਰਾਮਪਾਲ ਢਿੱਲੋਂ ਨੇ ਦੱਸਿਆ ਕਿ ਅਸੀਂ ਸਿਰਫ਼ ਗੁਰਦੁਆਰਾ ਸਾਹਿਬ ਦੇ ਮਸਲਿਆਂ ਨੂੰ ਮੀਟਿੰਗ 'ਚ ਵਿਚਾਰਨਾ ਚਾਹੁੰਦੇ ਸੀ। ਅਸੀਂ ਦੁਪਹਿਰ 3 ਵਜੇ ਮੀਟਿੰਗ ਸ਼ੁਰੂ ਕੀਤੀ ਕਿ ਅਚਾਨਕ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ।
|