ਲਖਵੀ, ਹਾਫਿਜ ਸਈਦ ਖਿਲਾਫ਼ ਚਾਰਜਸ਼ੀਟ ਦਾਖ਼ਲ
ਇਸਲਾਮਾਬਾਦ, 19 ਜੁਲਾਈ -ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਜ਼ਕੀ ਉਰ ਰਹਿਮਾਨ ਲਖਵੀ ਅਤੇ ਹਾਫਿਜ ਸਈਦ ਦੇ ਖਿਲਾਫ਼ ਅੱਜ ਪਾਕਿਸਤਾਨ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕੁੱਲ ਪੰਜ ਦੋਸ਼ੀਆਂ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਲਖਵੀ ਅਤੇ ਸਈਦ ਦੋਵੇਂ ਹੀ ਮੁੰਬਈ ਹਮਲਿਆਂ ਦੇ ਦੋਸ਼ੀ ਹਨ। ਮੁੰਬਈ ਵਿਚ 26 ਨਵੰਬਰ ਨੂੰ ਹੋਏ ਹਮਲੇ ਵਿਚ ਵਿਦੇਸ਼ੀਆਂ ਸਮੇਤ 170 ਲੋਕ ਮਾਰੇ ਗਏ ਸਨ।
ਜ਼ਿਕਰਯੋਗ ਹੈ ਕਿ ਮਿਸਰ ਦੇ ਸ਼ਰਮ ਅਲ ਸ਼ੇਖ ਵਿਚ 15ਵੇਂ ਗੁੱਟ ਨਿਰਲੇਪ ਸੰਮੇਲਨ ਦੌਰਾਨ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮੁੰਬਈ ਹਮਲਿਆਂ ਦੇ ਸਬੰਧ ਵਿਚ ਠੋਸ ਕਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ।