ਪ੍ਰਮਾਣੂ ਈਂਧਣ ਦੀ ਸੋਧ ਬਾਰੇ ਵਿਆਨਾ 'ਚ ਹੋਵੇਗੀ ਗੱਲਬਾਤ
ਵਾਸ਼ਿੰਗਟਨ, 19 ਜੁਲਾਈ  -ਭਾਰਤ-ਅਮਰੀਕਾ ਦਰਮਿਆਨ ਗੈਰ ਫੌਜੀ ਪ੍ਰਮਾਣੂ ਕਰਾਰ ਦੇ ਤਹਿਤ ਇੱਕ ਹੋਰ ਕਦਮ ਅੱਗੇ ਵਧਾਉਣ ਲਈ ਦੋਹਾਂ ਦੇਸ਼ਾਂ ਦੇ ਅਧਿਕਾਰੀ ਅਗਲੇ ਹਫ਼ਤੇ ਵਿਆਨਾ ਵਿੱਚ ਗੱਲਬਾਤ ਕਰਨਗੇ। ਇਸ ਗੱਲਬਾਤ ਦੌਰਾਨ ਭਾਰਤ 'ਚ ਅਮਰੀਕਾ ਵੱਲੋਂ ਵਰਤੇ ਗਏ ਪ੍ਰਮਾਣੂ ਈਂਧਨ ਦੀ ਸੋਧ ਦੀਆਂ ਤਜਵੀਜ਼ਾਂ ਤੇ ਪ੍ਰਕਿਰਿਆ ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਅਧਿਕਾਰੀਆਂ ਮੁਤਾਬਕ 123 ਸਮਝੌਤੇ ਤਹਿਤ ਹੋਣ ਵਾਲੀ ਗੱਲਬਾਤ ਨੂੰ ਸ਼ੁਰੂ ਹੋਣ ਦੀ ਇੱਕ ਸਾਲ ਦੀ ਸੀਮਾ ਦੇ ਅੰਦਰ-ਅੰਦਰ ਨਿਪਟਾਉਣਾ ਹੋਵੇਗਾ।
 ਗੱਲਬਾਤ ਵਿੱਚ ਸ਼ਾਮਲ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਵਿਦੇਸ਼ ਵਿਭਾਗ 'ਚ ਪ੍ਰਮਾਣੂ ਊਰਜਾ ਮਾਮਲਿਆਂ ਤੇ ਦਫ਼ਤਰ ਦੇ ਨਿਰਦੇਸ਼ਕ ਰਿਚਰਡ ਸਟਾਟਫੋਰਡ ਕਰਨਗੇ। ਸ੍ਰੀ ਸਟਾਟਫੋਰਡ ਨੇ ਪਹਿਲਾਂ ਵੀ ਪ੍ਰਮਾਣੂ ਕਰਾਰ ਨੂੰ ਸਿਰੇ ਚੜਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।  ਦੁਵੱਲੇ ਪ੍ਰਮਾਣੂ ਸਹਿਯੋਗ ਵਿਚ 123 ਸਮਝੌਤੇ ਨੇ ਨਵੀਂ ਦਿੱਲੀ ਨੂੰ ਮੁੜ ਸੋਧ ਲਈ ਮਨਜ਼ੂਰੀ ਦਿੱਤੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਲੰਘੀ ਫਰਵਰੀ ਵਿੱਚ ਭਾਰਤ ਦੇ ਵਿਦੇਸ਼ ਸਕੱਤਰ ਸ਼ਿਵ ਸ਼ੰਕਰ ਮੈਨਨ ਨੇ ਅਮਰੀਕੀ ਸਿਆਸੀ ਮਾਮਲਿਆਂ ਦੇ ਉਪ ਮੰਤਰੀ ਵਿਲੀਅਮ ਬਰਨਜ਼ ਨੂੰ ਇੱਕ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪ੍ਰਮਾਣੂ ਊਰਜਾ ਵਿਭਾਗ ਨੇ ਇਹ ਬੇਨਤੀ ਰਿਚਰਡ ਸਟਾਟਫੋਰਡ ਤੱਕ ਪਹੁੰਚਾ ਦਿੱਤੀ ਸੀ। 123 ਸਮਝੌਤੇ ਤਹਿਤ ਵਾਸ਼ਿੰਗਟਨ ਨੂੰ ਇਸ ਸਬੰਧੀ 6 ਮਹੀਨੇ ਦੇ ਅੰਦਰ-ਅੰਦਰ ਵਿਚਾਰ-ਵਟਾਂਦਰਾ ਕਰਨਾ ਸੀ ਤੇ ਇਸ ਸਬੰਧ ਵਿੱਚ ਇੱਕ ਸਾਲ ਬਾਅਦ ਭਾਰਤ ਨਾਲ ਸੂਝਬੂਝ ਬਣਾਉਣੀ ਸੀ।