ਮਾਊਂਟਵਿਊ ਕਤਲ ਕਾਂਡ
ਚੰਡੀਗੜ੍ਹ -ਸ਼ਹਿਰ ਦੇ ਫਾਈਵ ਸਟਾਰ ਦਰਜੇ ਦੇ ਹੋਟਲ ‘ਮਾਊਂਟਵਿਊ’ ਵਿਚ ‘ਜੀ-4’ ਸਕਿਓਰਟੀ ਗਾਰਡਿੰਗ ਲਿਮਟਿਡ ਦੀ ਕਾਰਜਕਾਰੀ ਨਿਰਦੇਸ਼ਕ ਮਨਦੀਵ ਸਪਰਾ ਦੇ ਕਤਲ ਦੇ ਦੋਸ਼ ’ਚ ਅਦਾਲਤ ਵੱਲੋਂ ਉਸ ਦੀ ਪਤਨੀ ਸਵਪਨਾ ਸਪਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਵਪਨਾ ਨੂੰ ਧਾਰਾ 302 (ਕਤਲ) ਅਧੀਨ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 201 (ਸਬੂਤ ਮਿਟਾਉਣਾ) ਅਧੀਨ 5 ਸਾਲ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਕ੍ਰਮਵਾਰ 2 ਸਾਲ ਅਤੇ 1 ਸਾਲ ਸਜ਼ਾ ਹੋਰ ਕੱਟਣੀ ਪਵੇਗੀ। 10 ਜੁਲਾਈ 2003 ਨੂੰ ਹੋਈ ਇਸ ਘਟਨਾ ਵੇਲੇ ਰਾਤ ਨੂੰ ਆਪਣੀ ਪਤਨੀ ਨਾਲ ਚੰਡੀਗੜ੍ਹ ’ਚ ਹੋਟਲ ਮਾਊਂਟਵਿਊ ਵਿਚ ਠਹਿਰਿਆ ਮਨਦੀਵ ਸਪਰਾ ਸਵੇਰ ਵੇਲੇ ਮ੍ਰਿਤਕ ਹਾਲਤ ’ਚ ਮਿਲਿਆ ਸੀ ਤੇ ਉਸ ਦੀ ਸਾਹ ਰਗ ਕੱਟੀ ਹੋਈ ਸੀ। ਉਸ ਦੀ ਪਤਨੀ ਸਵਪਨਾ ਸਪਰਾ ਦੇ ਗ਼ਲ ਵਿਚ ਚੁੰਨੀ ਕੱਸੀ ਹੋਈ ਸੀ, ਉਹ ਨਹਾਉਣ ਵਾਲੇ ਟੱਬ ’ਚ ਜ਼ਖ਼ਮੀਂ ਹਾਲਤ ’ਚ ਪਈ ਮਿਲੀ ਸੀ। ਮੌਕੇ ’ਤੇ ਪੁੱਜੀ ਪੁਲਿਸ ਨੂੰ ਸਵਪਨਾ ਨੇ ਦੱਸਿਆ ਕਿ ਡਿਪਰੈਸ਼ਨ ਦੀ ਬੀਮਾਰੀ ਕਾਰਨ ਇੰਜੈਕਸ਼ਨ ਲੈਣ ਕਾਰਨ ਉਹ ਗਹਿਰੀ ਨੀਂਦ ’ਚ ਚਲੀ ਗਈ ਸੀ।

ਇਹ ਸਭ ਕਿਵੇਂ ਹੋਇਆ ਤੇ ਕਿਸ ਨੇ ਕੀਤਾ, ਉਸ ਨੂੰ ਨਹੀਂ ਪਤਾ। ਉਸ ਨੇ ਕੁੱਝ ਗਹਿਣੇ ਤੇ ਨਕਦੀ ਗਾਇਬ ਹੋਣ ਦੀ ਗੱਲ ਵੀ ਕਹੀ ਸੀ। ਪਰ ਜਾਂਚ ਏਜੰਸੀਆਂ ਨੇ ਮਾਮਲੇ ਦੀ ਤਫਤੀਸ਼ ਉਪਰੰਤ ਜੋ ਕਹਾਣੀ ਪੇਸ਼ ਕੀਤੀ, ਉਸ ਅਨੁਸਾਰ ਮਨਦੀਵ ਦੀ ਇਹ ਤੀਜੀ ਅਤੇ ਸਵਪਨਾ ਦੀ ਦੂਜੀ ਸ਼ਾਦੀ ਸੀ। ਸਵਪਨਾ ਦਾ ਪਹਿਲੇ ਪਤੀ ਤੋਂ 12 ਸਾਲਾਂ ਦਾ ਲੜਕਾ ਅਰਮਾਨ ਸੀ। ਮਨਦੀਵ ਨੇ ਵਿਆਹ ਮੌਕੇ ਅਰਮਾਨ ਨੂੰ ਨਾ ਅਪਣਾਉਣ ਦੀ ਸ਼ਰਤ ਰੱਖੀ ਸੀ। ਮਨਦੀਵ ਦਾ ਆਪਣਾ 20 ਸਾਲ ਦਾ ਲੜਕਾ ਵੀ ਅਮਰੀਕਾ ’ਚ ਪੜ੍ਹਾਈ ਕਰ ਰਿਹਾ ਸੀ। ਸਵਪਨਾ, ਮਨਦੀਵ ਸਪਰਾ ਦੀ ਕਰੋੜਾਂ ਦੀ ਜਾਇਦਾਦ ’ਚੋਂ ਆਪਣੇ ਲੜਕੇ ਅਰਮਾਨ ਦਾ ਹਿੱਸਾ ਚਾਹੁੰਦੀ ਸੀ। ਸਵਪਨਾ ਜੋ ਕਿ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਦੰਦਾਂ ਦੀ ਸੀਨੀਅਰ ਡਾਕਟਰ ਸੀ, ਨੇ ਮਨਦੀਵ ਦੇ ਕਤਲ ਦੀ ਸਾਜਿਸ਼ ਰਚੀ। ਸਵਪਨਾ ਸਪਰਾ ਆਪਣੇ ਪਤੀ ਮਨਦੀਵ ਸਪਰਾ ਨਾਲ ਚੰਡੀਗੜ੍ਹ ਦੇ ਹੋਟਲ ਮਾਊਂਟਵਿਊ ਪੁੱਜੀ ਤੇ ਦੋਨੋਂ ਕਮਰਾ ਨੰਬਰ 344 ’ਚ ਠਹਿਰੇ। ਮਨਦੀਵ ਸਪਰਾ ਨੇ ਸ਼ਰਾਬ ਪੀਣੀ ਸ਼ੁਰੂ ਕੀਤੀ ਤਾਂ ਸਵਪਨਾ ਨੇ ਹੁਸ਼ਿਆਰੀ ਨਾਲ ਉਸ ਦੀ ਸ਼ਰਾਬ ’ਚ ਐਲੂਮੀਨੀਅਮ ਫਾਸਫੇਟ ਨਾਂ ਦਾ ਜ਼ਹਿਰ ਮਿਲਾ ਦਿੱਤਾ ਜਿਸ ਨਾਲ ਮਨਦੀਵ ਬੇਹੋਸ਼ ਹੋ ਗਿਆ। ਫਿਰ ਬੇਹੋਸ਼ ਪਏ ਮਨਦੀਵ ਦੀ ਕੈਂਚੀ ਨਾਲ ਸਾਹ ਰਗ ਕੱਟ ਦਿੱਤੀ। ਜਦੋਂ ਖ਼ੂਨ ਨਿਕਲਣਾ ਸ਼ੁਰੂ ਹੋਇਆ ਤਾਂ ਉਹ ਆਪਣੇ ਰੁਮਾਲ ਤੇ ਜ਼ੁਰਾਬਾਂ ਨਾਲ ਇਸ ਨੂੰ ਸਾਫ ਕਰਦੀ ਗਈ। ਉਸ ਤੋਂ ਬਾਅਦ ਸਵਪਨਾ ਨੇ ਆਪਣੀ ਭਤੀਜੀ ਮਿੰਨੀ ਗਰੇਵਾਲ ਨੂੰ ਹੋਟਲ ਬੁਲਾਇਆ ਅਤੇ ਬੇਹੋਸ਼ੀ ਦੀਆਂ ਦਵਾਈਆਂ, ਖੂਨ ਲਿੱਬੜੇ ਦਸਤਾਨੇ, ਕੱਪੜੇ, ਕੀਮਤੀ ਸੋਨੇ ਦੇ ਗਹਿਣੇ, ਪੈਸੇ ਸਭ ਇਕ ਬੈਗ ’ਚ ਪਾ ਕੇ ਉਸ ਕੋਲ ਭਿਜਵਾ ਦਿੱਤੇ ਅਤੇ ਖ਼ੁਦ ਆਪਣੀ ਬਾਂਹ ’ਤੇ ਜ਼ਖ਼ਮ ਕਰ ਕੇ ਬਾਥਰੂਮ ਦੇ ਟੱਬ ’ਚ ਲੇਟ ਗਈ।

ਭਾਵੇਂ ਇਹ ਕਤਲ ਬੜੀ ਸਫਾਈ ਨਾਲ ਕੀਤਾ ਗਿਆ ਸੀ ਤੇ ਇਸ ਦੀ ਕਹਾਣੀ ਵੀ ਬੜੀ ਵਿਉਂਤ ਨਾਲ ਗੁੰਦੀ ਗਈ ਸੀ, ਪਰ ਜਿਵੇਂ ਕਿ ਅਕਸਰ ਹੁੰਦਾ ਹੈ, ਕਾਤਲ ਆਪਣੇ ਨਿਸ਼ਾਨ ਜ਼ਰੂਰ ਛੱਡ ਜਾਦਾ ਹੈ। ਇਸੇ ਤਰ੍ਹਾਂ ਸਵਪਨਾ ਸਪਰਾ ਵੀ ਕਾਹਲੀ ਵਿਚ ਖੂਨ ਨਾਲ ਲਿੱਬੜੀ ਕੈਂਚੀ ਛੁਪਾਉਣਾ ਭੁੱਲ ਗਈ ਜਿਸ ਉ¤ਪਰ ਉਸ ਦੀਆਂ ਉਂਗਲਾਂ ਦੇ ਨਿਸ਼ਾਨ ਤਾਂ ਦਸਤਾਨੇ ਪਹਿਨੇ ਹੋਣ ਕਰਕੇ ਨਹੀਂ ਆਏ, ਪਰ ਉਸ ਵੱਲੋਂ ਆਪਣੀ ਬਾਂਹ ’ਤੇ ਜ਼ਖ਼ਮ ਬਣਾਉਂਦੇ ਸਮੇਂ ਲੱਗੇ ਖੂਨ ਦੇ ਡੀ.ਐਨ.ਏ. ਸੈਂਪਲ ਉਸ ਦੇ ਖੂਨ ਨਾਲ ਮੇਲ ਖਾ ਗਏ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਬੈਗ ਵੀ ਬਰਾਮਦ ਕਰ ਲਿਆ ਜੋ ਉਸ ਨੇ ਮਿੰਨੀ ਗਰੇਵਾਲ ਨੂੰ ਦਿੱਤਾ ਸੀ, ਜਿਸ ਵਿਚੋਂ ਹੋਰ ਸਮਾਨ ਦੇ ਇਲਾਵਾ 90 ਗੋਲੀਆਂ ਐਲਪਰੈਕਸ ਤੇ ਡਾਈਜ਼ੀਪਾਮ ਦੇ 13 ਟੀਕੇ ਵੀ ਮਿਲੇ ਸਨ। ਭਾਵੇਂ ਕਿ ਸੀ.ਐਫ.ਐਸ.ਐਲ. ਰਿਪੋਰਟ ਵਿਚ ਮਨਦੀਵ ਦੀ ਮੌਤ ਦਾ ਕਾਰਨ ਜ਼ਹਿਰ ਪਾਇਆ ਗਿਆ ਸੀ।