ਸੁਖਬੀਰ ਬਾਦਲ ਨੇ ਅਮਰੀਕਾ 'ਚ ਦਸਤਾਰ ਸਬੰਧੀ ਬਿਲ ਦਾ ਮਾਮਲਾ ਉਠਾਇਆ
ਚੰਡੀਗੜ੍ਹ,21  ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਨੇ ਅਮਰੀਕਾ ਦੇ ਓਰੇਗਾਨ ਸੂਬੇ ਵੱਲੋਂ ਪਬਲਿਕ ਸਕੂਲਾਂ ਵਿਚ ਪੜ੍ਹਾਉਂਦੇ ਸਿੱਖ ਅਧਿਆਪਕਾਂ 'ਤੇ ਪਗੜੀਆਂ ਸਮੇਤ ਧਾਰਮਿਕ ਵਸਤਰ ਪਹਿਨਣ 'ਤੇ ਪਾਬੰਦੀ ਲਾਉਣ ਸਬੰਧੀ ਤਿਆਰ ਕੀਤੇ ਬਿੱਲ 'ਤੇ ਜ਼ਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ ਹੈ। ਭਾਰਤ ਵਿਚ ਨਾਮਜ਼ਦ ਅਮਰੀਕੀ ਰਾਜਦੂਤ, ਟਿਮੋਥੀ ਜੇ ਰੋਏਮਲ ਨੂੰ ਇਕ ਪੱਤਰ ਲਿਖ ਕੇ ਸ਼੍ਰੋਮਣੀ
ਅਕਾਲੀ ਦਲ ਪ੍ਰਧਾਨ ਨੇ ਇਸ ਗੱਲਦਾ ਕਰੜਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਇਸ ਪ੍ਰਸਤਾਵ ਨਾਲ ਆਪਣੇ ਧਾਰਮਿਕ ਵਿਸ਼ਵਾਸ ਕਾਰਨ ਸਿੱਖ ਅਧਿਆਪਕਾਂ ਨੂੰ ਇਕ ਤਰ੍ਹਾਂ ਦੀ ਸਜ਼ਾ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦੀ ਸਭ ਤੋਂ ਪੁਰਾਣੀ ਜਮਹੂਰੀਅਤ ਅਮਰੀਕਾ, ਜਿਸ ਨੇ ਸਮੇਂ-ਸਮੇਂ 'ਤੇ ਨਿਜੀ ਅਤੇ ਧਾਰਮਿਕ ਆਜ਼ਾਦੀ ਦੀ ਬਰਕਰਾਰੀ ਲਈ ਵਿਸ਼ਵ ਵਿਆਪੀ ਮੁਹਿੰਮਾਂ ਦੀ ਅਗਵਾਈ ਕੀਤੀ ਹੈ, ਤੋਂ ਅਜਿਹੇ ਪ੍ਰਸਤਾਵ ਦੀ ਕਦੇ ਵੀ ਆਸ ਨਹੀਂ ਕੀਤੀ ਜਾ ਸਕਦੀ ਸੀ। ਸ੍ਰੀ ਬਾਦਲ ਨੇ ਕਿਹਾ ਕਿ ਧਾਰਿਮਕ ਆਜ਼ਾਦੀ ਦੇ ਵਿਸਥਾਰ ਦੇ ਮੁੱਦੇ 'ਤੇ ਪ੍ਰਸਤਾਵਤ ਬਿੱਲ ਜੋ ਓਰੇਗਾਨ ਦੇ ਗਵਰਨਰ ਕੋਲ ਪ੍ਰਵਾਨਗੀ ਲਈ ਵਿਚਾਰ ਅਧੀਨ ਹੈ, ਦੇ ਲਾਗੂ ਹੋਣ ਨਾਲ ਇਕ ਅਧਿਆਪਕ 'ਤੇ ਆਪਣੀ ਡਿਊਟੀ ਕਰਦੇ ਸਮੇਂ  ਧਾਰਮਿਕ ਵਸਤਰ ਪਹਿਨਣ ਵਿਰੁੱਧ ਪਾਬੰਦੀ ਆਇਦ ਹੋ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਭਾਈਚਾਰ ਨੇ ਸਿੱਖਿਆ ਸਮੇਤ ਹਰ ਵਰਗ ਅੰਦਰ ਅਮਰੀਕਾ ਦੀ ਪ੍ਰਗਤੀ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਅਜਿਹਾ ਕੋਈ ਵਿਤਕਰਾ ਕਿਸੇ ਵੱਲੋਂ ਆਪਣੇ ਧਾਰਮਿਕ ਵਿਸ਼ਵਾਸ ਨੂੰ ਮੰਨਣ ਤੋਂ ਰੋਕਣ ਦੇ ਰੂਪ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਸਤਾਵਤ ਪਾਬੰਦੀ ਵਿਚ ਸਿਰਫ ਸਿੱਖਾਂ ਨੂੰ ਹੀ ਨਿਸ਼ਾਨੇ 'ਤੇ ਲਏ ਜਾਣ ਅਤੇ ਯਹੂਦੀ ਅਤੇ ਇਸਾਈ ਅਧਿਆਪਕਾਂ ਨੂੰ ਛੋਟ ਦੇਣ ਨਾਲ ਸਮੁੱਚੇ ਵਿਸ਼ਵ ਅੰਦਰ ਇਕ ਗਲਤ ਸੰਦੇਸ਼ ਜਾਏਗਾ।
 ਸ੍ਰੀ ਬਾਦਲ ਨੇ ਆਸ ਪ੍ਰਗਟਾਈ ਕਿ ਅਮਰੀਕੀ ਰਾਜਦੂਤ ਉਪਰਕੋਤ ਪ੍ਰਸਤਾਵ ਨਾਲ ਵਿਸ਼ਵ ਭਰ ਅੰਦਰ ਸਿੱਖ ਭਾਵਨਾਵਾਂ ਨੂੰ ਲੱਗੀ ਠੇਸ ਬਾਰੇ ਅਮਰੀਕੀ ਸਰਕਾਰ ਨੂੰ ਜਾਣੂ ਕਰਾਉਣਗੇ ਅਤੇ ਅਮਰੀਕੀ ਸਰਕਾਰ ਸਿੱਖ ਭਾਈਚਾਰੇ ਨੂੰ ਵਿਤਕਰੇ ਤੋਂ ਬਚਾਉਣ ਲਈ ਲੋੜੀਂਦੇ ਕਦਮ ਚੁੱਕੇਗੀ।