ਸਰਬਜੀਤ ਦੇ ਵਕੀਲ ਵੱਲੋਂ ਪਟੀਸ਼ਨ ਬਹਾਲੀ ਲਈ ਨਵੀਂ ਅਰਜ਼ੀ ਦਾਖ਼ਲ
ਇਸਲਾਮਾਬਾਦ, 22 ਜੁਲਾਈ- ਪਾਕਿਸਤਾਨ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਵਕੀਲ ਨੇ ਸੁਪਰੀਮ ਕੋਰਟ ਵਿਚ ਪਹੁੰਚ ਕਰ ਕੇ ਸਰਬਜੀਤ ਦੀ ਮੌਤ ਦੀ ਸਜ਼ਾ ਨੂੰ ਵੰਗਾਰਦੀ ਪਟੀਸ਼ਨ ਬਹਾਲ ਕਰਨ ਦੀ ਮੰਗ ਕੀਤੀ ਹੈ। ਉਸ ਨੇ ਦਲੀਲ ਦਿੱਤੀ ਹੈ ਕਿ ਅਦਾਲਤ ਨੇ ਜਦੋਂ ਇਸ ਮਾਮਲੇ 'ਤੇ ਸੁਣਵਾਈ ਕੀਤੀ ਸੀ ਤਾਂ ਉਸ ਦੇ ਵਕੀਲ ਦਾ ਪੱਖ ਨਹੀਂ ਸੁਣਿਆ ਗਿਆ ਸੀ। ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਵੱਲੋਂ ਥਾਪੇ ਨਵੇਂ ਵਕੀਲ ਅਵੈਧ ਸ਼ੇਖ ਨੇ ਕਿਹਾ ਕਿ ਉਸ ਦੇ ਰੀਵਿਊ ਪਟੀਸ਼ਨ ਬਹਾਲ ਕਰਾਉਣ ਲਈ ਇਕ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਨੇ ਪਹਿਲਾਂ 24 ਜੂਨ ਨੂੰ ਇਹ ਪਟੀਸ਼ਨ ਰੱਦ ਕਰ ਦਿੱਤੀ ਸੀ ਅਤੇ ਸਰਬਜੀਤ ਸਿੰਘ ਨੂੰ ਸੁਣਾਈ ਮੌਤ ਦੀ ਸਜ਼ਾ ਬਰਕਰਾਰ ਰੱਖੀ ਸੀ।
 ਸ਼ੇਖ ਨੇ ਫ਼ੋਨ 'ਤੇ ਦੱਸਿਆ ''ਮੈਨੂੰ ਉਮੀਦ ੲੈ ਕਿ ਅਦਾਲਤ ਇਕ ਹਫ਼ਤੇ ਦੇ ਅੰਦਰ ਅੰਦਰ ਮਾਮਲੇ 'ਤੇ ਸੁਣਵਾਈ ਦੀ ਤਾਰੀਖ ਦੇ ਦੇਵੇਗੀ।'' ਸਮੀਖਿਅਕਾਂ ਨੇ ਧਿਆਨ ਦੁਆਇਆ ਕਿ ਸਪੁਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਉਸ ਨੇ ਸਰਬਜੀਤ ਦੇ ਕੇਸ ਦੀ ਚੰਗੀ ਤਰ੍ਹਾਂ ਘੋਖ ਕੀਤੀ ਹੈ ਅਤੇ ਹੇਠਲੀ ਅਦਾਲਤ ਵੱਲੋਂ ਉਸ ਨੂੰ ਸੁਣਵਾਈ ਮੌਤ ਦੀ ਸਜ਼ਾ 'ਤੇ ਮੁੜ ਵਿਚਾਰ ਕਰਨ ਦਾ ਕੋਈ ਆਧਾਰ ਨਹੀਂ ਬਣਦਾ।