ਬਿਲਾਵਲ ਦਾ ਭਾਸ਼ਣ ਸੁਣ ਕੇ ਭਾਵੁਕ ਹੋਏ ਜ਼ਰਦਾਰੀ
ਇਸਲਾਮਾਬਾਦ, 22 ਜੁਲਾਈ : ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਜਦੋਂ ਰਾਸ਼ਟਰਪਤੀ ਭਵਨ 'ਚ ਅਪਣੇ ਪੁੱਤਰ ਅਤੇ ਸੱਤਾਧਾਰੀ ਪੀ.ਪੀ.ਪੀ. ਦੇ ਸਹਿ ਪ੍ਰਧਾਨ ਬਿਲਾਵਲ ਭੁੱਟੋ ਦਾ ਪਾਰਟੀ ਨੇਤਾਵਾਂ ਨੂੰ ਦਿਤਾ ਭਾਸ਼ਣ ਸੁਣਿਆ ਤਾਂ ਉਹ ਅਪਣੇ ਹੰਝੂ ਨਹੀਂ ਰੋਕ ਸਕੇ। ਬਿਲਾਵਲ ਨੇ ਇਸ ਭਾਸ਼ਣ 'ਚ ਪਾਰਟੀ ਨੇਤਾਵਾਂ ਨੂੰ ਅਪਣੀ ਮਾਂ ਦੇ 'ਬਲਿਦਾਨ' ਤੋਂ ਪ੍ਰੇਰਨਾ ਲੈਣ ਲਈ ਕਿਹਾ ਸੀ। ਜ਼ਰਦਾਰੀ ਨੇ ਭਾਸ਼ਣ ਸੁਣਨ ਤੋਂ ਬਾਅਦ ਕਿਹਾ ਕਿ ਇਹ ਖ਼ੁਸ਼ੀ ਅਤੇ ਗ਼ਮ ਦੇ ਹੰਝੂ ਸਨ। ਉਨ੍ਹਾਂ ਕਿਹਾ ਕਿ ਖ਼ੁਸ਼ੀ ਦੇ ਹੰਝੂ ਬਿਲਾਵਲ ਦੇ ਭਾਸ਼ਣ ਕਾਰਨ ਆਏ ਜੋ ਦਰਸਾਉਂਦਾ ਹੈ ਕਿ ਪੀ.ਪੀ.ਪੀ. ਸੁਰੱਖਿਅਤ ਹੱਥਾਂ 'ਚ ਹੈ ਅਤੇ ਗ਼ਮ ਦੇ ਹੰਝੂ ਇਸ ਲਈ ਛਲਕੇ ਕਿਉਂਕਿ ਬਿਲਾਵਲ ਦੀ ਮਾਂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਪਣੇ ਇਸ ਬੇਟੇ ਨੂੰ ਸੁਣਨ ਲਈ ਸਾਡੇ ਵਿਚਕਾਰ ਮੌਜੂਦ ਨਹੀਂ ਸੀ, ਜਿਸ ਨੇ ਭਵਿੱਖ 'ਚ ਪਾਰਟੀ ਦੀ ਅਗਵਾਈ ਲਈ ਬੁੱਧੀਮਾਨੀ ਨਾਲ ਅਪਣੀ ਗੱਲ ਕਹੀ। ਬਿਲਾਵਲ ਨੇ ਪੀ.ਪੀ.ਪੀ. ਆਗੂਆਂ ਨੂੰ ਰਾਸ਼ਟਰਪਤੀ ਭਵਨ 'ਚ ਕਲ ਰਾਤ ਦਿਤੀ ਗਈ ਇਕ ਦਾਅਵਤ 'ਚ ਗੱਲਬਾਤ ਕੀਤੀ। ਰਾਸ਼ਟਰਪਤੀ ਭਵਨ ਦੇ ਬੁਲਾਰੇ ਵਲੋਂ ਜਾਰੀ ਬਿਆਨ 'ਚ ਬਿਲਾਵਲ ਦੇ ਹਵਾਲੇ ਨਾਲ ਕਿਹਾ ਗਿਆ ਕਿ ਅੱਜ ਜਦੋਂ ਇਥੇ ਵਰਤਮਾਨ ਅਤੇ ਭਵਿੱਖ ਮਿਲ ਰਿਹਾ ਹੈ ਤਾਂ ਆਉ ਸੰਘ ਨੂੰ ਬਚਾਈ ਰੱਖਣ ਲਈ ਸਹੁੰ ਚੁਕੀਏ ਅਤੇ ਲੋਕਾਂ ਨੂੰ ਉਹ ਦੇ ਦੇਈਏ ਜੋ ਉਹ ਚਾਹੁੰਦੇ ਹਨ।ਬਿਲਾਵਲ ਨੇ ਕਿਹਾ ਕਿ ਅਸੀਂ ਵਤਨ ਲਈ ਖ਼ੂਨ ਦੇ ਆਖ਼ਰੀ ਕਤਰੇ ਤਕ ਉਹ ਕੁਰਬਾਨੀ ਦੇਣ ਲਈ ਤਿਆਰ ਹਾਂ ਜੋ ਮੇਰੀ ਮਾਂ ਅਤੇ ਮੇਰੇ ਨਾਨੇ ਨੇ ਦਿਤੀ ਸੀ। ਅਸੀਂ ਜਮਹੂਰੀਅਤ ਅਤੇ ਲੋਕਾਂ ਦੇ ਹੱਕ ਲਈ ਜੰਗ ਜਾਰੀ ਰੱਖਾਂਗੇ ਅਤੇ ਉਹ ਸਪਨੇ ਹਾਸਲ ਕਰਾਂਗੇ ਜੋ ਸਾਡੇ ਪੁਰਖਿਆਂ ਨੇ ਪਾਕਿਸਤਾਨ ਨੂੰ ਅਜ਼ੀਮ-ਓ-ਸ਼ਾਨ ਮੁਲਕ ਬਣਾਉਣ ਲਈ ਦੇਖੇ ਸਨ। ਆਕਸਫ਼ੋਰਡ ਯੂਨੀਵਰਸਿਟੀ 'ਚ ਇਤਿਹਾਸ ਵਿਸ਼ੇ ਦਾ ਅਧਿਐਨ ਕਰ ਰਹੇ 20 ਸਾਲਾ ਪੀ.ਪੀ.ਪੀ. ਉਪ ਪ੍ਰਧਾਨ ਨੇ ਕਿਹਾ ਕਿ ਅਸੀਂ ਗ਼ਰੀਬ ਅਤੇ ਦਲਿਤਾਂ ਲਈ ਰਾਹਤ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰ ਅਤੇ ਔਰਤਾਂ ਲਈ ਅਧਿਕਾਰ ਯਕੀਨੀ ਕਰਾਵਾਂਗੇ। ਅਸੀਂ ਉਹ ਹਾਸਲ ਕਰਾਂਗੇ ਜੋ ਦੂਜੇ ਹਾਸਲ ਨਹੀਂ ਕਰ ਸਕੇ। ਬਿਲਾਵਲ ਦੀ ਭੈਣ ਬਖ਼ਤਾਵਰ ਨੇ ਵੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦੀ ਹਾਂ ਕਿ ਅਸੀਂ ਉਹ ਸੁਪਨਾ ਪੂਰਾ ਕਰਾਂਗੇ ਜੋ ਮੇਰੀ ਮਾਂ ਨੇ ਦੇਖਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਜੇ ਇਹ ਸਮਾਰੋਹ ਦੇਖਦੀ ਤਾਂ ਬੇਹੱਦ ਖ਼ੁਸ਼ ਹੁੰਦੀ। ਬਖ਼ਤਾਵਰ ਨੇ ਬੇਨਜ਼ੀਰ ਦੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ।
 ਬਿਲਾਵਲ ਦੀ ਸੱਭ ਤੋਂ ਛੋਟੀ ਭੈਣ ਅਸੀਫ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਮਾਤਾ-ਪਿਤਾ 'ਤੇ ਮਾਣ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਸੁਪਨੇ ਦੇਖਣ ਦੀ ਸਿਖਿਆ ਦਿਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਇਕ ਵਿਚਾਰ ਅਤੇ ਇਕ ਸੁਪਨਾ ਹੈ। ਮੇਰਾ ਸੁਪਨਾ ਵਧੀਆ ਪਾਕਿਸਤਾਨ ਦਾ ਹੈ। ਮੈਂ ਅਜਿਹੇ ਦੇਸ਼ ਦਾ ਸੁਪਨਾ ਦੇਖਦੀ ਹਾਂ ਜੋ ਸ਼ੋਸ਼ਣ ਤੋਂ ਮੁਕਤ ਹੋਵੇ।