ਭਾਰਤ-ਅਮਰੀਕੀ ਪ੍ਰਮਾਣੂ ਸੰਧੀ 'ਤੇ ਪਹਿਲੀ ਰਿਪੋਰਟ ਅਮਰੀਕੀ ਸੰਸਦ ਵਿਚ ਪੇਸ਼
ਵਾਸ਼ਿੰਗਟਨ, 22 ਜੁਲਾਈ -ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਸਾਲ ਅਕਤੂਬਰ ਵਿਚ ਹਸਤਾਖ਼ਰ ਕੀਤੀ ਭਾਰਤ-ਅਮਰੀਕੀ ਪ੍ਰਮਾਣੂ ਸੰਧੀ 'ਤੇ ਪਹਿਲੀ ਰਿਪੋਰਟ ਅਮਰੀਕੀ ਸੰਸਦ ਵਿਚ ਪੇਸ਼ ਕੀਤੀ। ਓਬਾਮਾ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਅਤੇ ਸੀਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਦੇ ਮੁਖੀਆਂ ਅਤੇ ਸੀਨੀਅਰ ਮੈਂਬਰਾਂ ਨੂੰ ਲਿਖਿਆ ਹੈ ਕਿ ਰਿਪੋਰਟ 4 ਅਕਤੂਬਰ, 2008 ਤੋਂ 30 ਜੂਨ, 2009 ਤੱਕ ਦੇ ਕਾਲ ਨੂੰ ਕਵਰ ਕਰਦੀ ਹੈ। ਇਹ ਅਮਰੀਕਾ, ਭਾਰਤ ਗੈਰ ਫੌਜੀ ਪ੍ਰਮਾਣੂ ਸਹਿਯੋਗ ਅਤੇ ਵਿਕਾਸ 'ਤੇ ਇਕ ਅਪਡੇਟ ਪ੍ਰਦਾਨ ਕਰਦਾ ਹੈ ਜੋ ਭਾਰਤ ਦੀ ਪ੍ਰਮਾਣੂ ਸਬੰਧਤ ਗਤੀਵਿਧੀਆਂ ਨਾਲ ਜੁੜੀ ਹੋਈ ਹੈ। ਹਾਲਾਂਕਿ ਰਿਪੋਰਟ ਦਾ ਮਜਮੂਨ ਜਨਤਕ ਨਹੀਂ ਕੀਤਾ ਗਿਆ ਹੈ। ਅਮਰੀਕਾ-ਭਾਰਤ ਪ੍ਰਮਾਣੂ ਸਹਿਯੋਗ ਮਨਜ਼ੂਰੀ ਤੇ ਪ੍ਰਮਾਣੂ ਅਪ੍ਰਸਾਰ ਸੋਧ ਐਕਟ 2008 ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਇਸ ਸਬੰਧ ਵਿਚ ਸੰਸਦ ਵਿਚ ਰਿਪੋਰਟ ਪੇਸ਼ ਕਰਨੀ ਹੁੰਦੀ ਹੈ। ਇਹ ਇਸ ਸਬੰਧ ਵਿਚ ਅਮਰੀਕੀ ਕਾਂਗਰਸ ਵਿਚ ਪੇਸ਼ ਕੀਤੀ ਗਈ ਅਮਰੀਕੀ ਰਾਸ਼ਟਰਪਤੀ ਦੀ ਪਹਿਲੀ ਰਿਪੋਰਟ ਹੈ।