ਭਾਰਤ-ਚੀਨ ਵਿਚਾਲੇ ਦੁਵੱਲੇ ਸਬੰਧ ਤੇ ਸਾਂਝੇਦਾਰੀ ਵਧਾਉਣ 'ਤੇ ਜ਼ੋਰ

ਫੁਕੇਤ (ਥਾਈਲੈਂਡ), 23 ਜੁਲਾਈ :ਭਾਰਤ ਵਲੋਂ ਵੱਖ-ਵੱਖ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਨੂੰ ਗੂੜੇ ਬਣਾਉਣ ਦੀ ਲੜੀ 'ਚ ਵਿਦੇਸ਼ ਮੰਤਰੀ ਐਸ.ਐਮ.ਕ੍ਰਿਸ਼ਨਾ ਨੇ ਚੀਨੀ ਹਮਰੁਤਬਾ ਯਾਂਗ ਚੀਜੀ ਨਾਲ ਪਲੇਠੀ ਮੁਲਾਕਾਤ ਕੀਤੀ। ਇਸ ਮੁਲਾਕਾਤ 'ਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਦੁਵੱਲੇ ਸਬੰਧਾਂ 'ਚ ਹੋਰ ਨੇੜਤਾ ਲਿਆਉਣ ਤੋਂ ਇਲਾਵਾ ਬਹੁਪੱਖੀ ਆਪਸੀ ਸਾਂਝੇਦਾਰੀ ਨੂੰ ਵਧਾਉਣ ਦੀ ਇੱਛਾ ਵੀ ਸਾਂਝੀ ਕੀਤੀ।
ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਇਹ ਮੁਲਾਕਾਤ ਆਸਿਆਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਸਿਖਰ ਸੰਮੇਲਨ ਦੌਰਾਨ ਥਾਈਲੈਂਡ ਦੇ ਫੁਕੇਤ 'ਚ ਹੋਈ।
7 ਅਤੇ 8 ਅਗਸਤ ਨੂੰ ਨਵੀਂ ਦਿੱਲੀ 'ਚ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਨੁਕਤਿਆਂ 'ਤੇ ਗੱਲਬਾਤ ਦਾ 13ਵਾਂ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਇਸ ਗੱਲਬਾਤ ਨੂੰ ਉਪਯੋਗੀ ਅਤੇ ਸਾਰਥਿਕ ਦੱਸਦਿਆਂ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ

 ਉਨ੍ਹਾਂ ਚੀਨੀ ਹਮਰੁਤਬਾ ਨਾਲ ਵੱਖ-ਵੱਖ ਪੱਖਾਂ 'ਤੇ ਚਰਚਾ ਕੀਤੀ। ਇਸ ਦੌਰਾਨ ਦੋਹਾਂ ਪੱਖਾਂ ਨੇ ਆਪਸੀ ਬਹੁਪੱਖੀ ਸਬੰਧਾਂ ਨੂੰ ਹੋਰ ਨੇੜੇ ਲਿਆਉਣ ਦੀ ਇੱਛਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਵਪਾਰ ਸਬੰਧਾਂ 'ਤੇ ਤਸੱਲੀ ਪ੍ਰਗਟ ਕੀਤੀ ਗਈ। ਅਗਲੇ ਸਾਲ ਇਸ ਵਪਾਰ ਦੇ 60 ਅਰਬ ਡਾਲਰ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਐਸ.ਐਮ. ਕ੍ਰਿਸ਼ਨਾ ਨੇ ਇਕ ਸਵਾਲ ਦੇ ਜੁਆਬ 'ਚ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਮੁਕਾਬਲੇਬਾਜ਼ੀ ਤਾਂ ਹੈ ਪਰ ਦੋਹਾਂ ਸਾਹਮਣੇ ਅੱਗੇ ਵਧਣ ਲਈ ਢੁੱਕਵੇਂ ਮੌਕੇ ਹਨ। ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਦੀ ਸਰਹੱਦ ਦੇ ਮੁੱਦੇ ਦਾ ਜ਼ਿਕਰ ਪੁੱਛੇ ਜਾਣ 'ਤੇ ਉਨ੍ਹਾਂ ਨਾਂਹ 'ਚ ਜੁਆਬ ਦਿੱਤਾ।