ਮਨਮੋਹਨ ਸਿੰਘ ਨੂੰ ਮਿਲਣਗੇ ਹਾਰਪਰ |
ਓਟਾਵਾ, 19ਜੂਨ (ਮੀਡੀਆ ਦੇਸ਼ ਪੰਜਾਬ ਬੀਊਰੋ) ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਗਲੇ ਹਫ਼ਤੇ ਜੀ-20 ਸੰਮੇਲਨ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਸ੍ਰੀ ਹਾਰਪਰ ਦੀ ਚੀਨੀ ਰਾਸ਼ਟਰਪਤੀ ਹੂ ਜਿਨਤਾਓ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਵੀ ਹੈ। ਹਾਰਪਰ ਨੇ ਅੱਜ ਇਕ ਬਿਆਨ ਵਿਚ ਆਖਿਆ ਕਿ ਕੈਨੇਡਾ ਅਤੇ ਭਾਰਤ ਵਣਜ, ਸੰਸਕ੍ਰਿਤੀ ਅਤੇ ਸਿੱਖਿਆ ਦੇ ਖੇਤਰ ਵਿਚ ਸਮਝੌਤਿਆਂ ਰਾਹੀਂ ਆਪਣੇ ਸਬੰਧਾਂ ਨੂੰ ਤੇਜ਼ੀ ਨਾਲ ਵਿਕਸਿਤ ਕਰ ਰਹੇ ਹਨ ਤੇ ਇਸ ਦਿਸ਼ਾ ਵਿਚ ਮਨਮੋਹਨ ਸਿੰਘ ਨਾਲ ਕੰਮ ਕਰਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ 26 ਅਤੇ 27 ਜੂਨ ਨੂੰ ਜੀ-20 ਸੰਮੇਲਨ ਹੋ ਰਿਹਾ ਹੈ, ਜਿਸ ਵਿਚ ਸ੍ਰੀ ਹਾਰਪਰ ਵੱਖਰੇ ਤੌਰ 'ਤੇ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨਗੇ। ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸ਼ਸ਼ੀ ਸ਼ੇਖਰ ਗਵੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਪੱਖੀ ਵਪਾਰ ਅਤੇ ਪ੍ਰਸਤਾਵਿਤ ਪ੍ਰਮਾਣੂ ਕਰਾਰ ਤੇ ਹੋਰ ਮਸਲਿਆਂ 'ਤੇ ਵੀ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਚਰਚਾ ਹੋਵੇਗੀ। ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਕੁੱਝ ਸਮਝੌਤਿਆਂ 'ਤੇ ਵੀ ਹਸਤਾਖਰ ਕਰ ਸਕਦੇ ਹਨ। ਗੱਲਬਾਤ ਦੌਰਾਨ ਡਾ. ਮਨਮੋਹਨ ਸਿੰਘ ਕੈਨੇਡਾ ਵਿਚ ਖਾਲਿਸਤਾਨ ਪੱਖੀ ਗਤੀਵਿਧੀਆਂ ਦੇ ਵਾਧੇ 'ਤੇ ਚਿੰਤਾ ਪ੍ਰਗਟਾ ਸਕਦੇ ਹਨ।
|