ਅਫ਼ਗਾਨਿਸਤਾਨ ਦੇ ਪਹਿਲੇ ਗ਼ੈਰ ਮੁਸਲਿਮ ਸਾਂਸਦ ਬਣਨ ਦੀ ਦੌੜ 'ਚ ਦੋ ਸਿੱਖ ਉਮੀਦਵਾਰ

ਕਾਬੁਲ23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਕਾਬੁਲ ਵਿਚ ਇਨੀਂ ਦਿਨੀਂ ਚੋਣ ਮੁਹਿੰਮ ਜ਼ੋਰਾਂ 'ਤੇ ਹੈ ਅਤੇ ਇਹ ਕਾਬੁਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਕਿਸੇ ਚੋਣਾਂ ਵਿਚ ਕਿਸੇ ਸਿੱਖ ਉਮੀਦਵਾਰਾਂ ਦੇ ਪੋਸਟਰ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿਚੋਂ ਇਕ ਮਹਿਲਾ ਸਿੱਖ ਉਮੀਦਵਾਰ ਹੈ। ਅਫ਼ਗਾਨਿਸਤਾਨ ਦੇ ਵੋਲੇਸੀ ਜਿਰਗਾ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਪਾਲ ਅਤੇ ਅਨਾਰਕਲੀ ਕੌਰ ਹੋਨਾਰਿਆਰ ਅਫ਼ਗਾਨਿਸਤਾਨ ਦੇ ਸਿਆਸੀ ਇਤਿਹਾਸ ਵਿਚ ਚੋਣਾਂ ਲੜਨ ਵਾਲੇ ਪਹਿਲੇ ਸਿੱਖ ਉਮੀਦਵਾਰ ਹਨ। 250 ਮੈਂਬਰੀ ਸੰਸਦ ਦੇ ਹੇਠਲੇ ਸਦਨ ਦੀਆਂ ਚੋਣਾਂ 18 ਸਤੰਬਰ ਨੂੰ ਹੋਣੀਆਂ ਹਨ। ਜੇਕਰ ਇਹ ਉਮੀਦਵਾਰ ਜਿੱਤ ਜਾਂਦੇ ਹਨ ਤਾਂ ਉਹ ਅਫ਼ਗਾਨਿਸਤਾਨ ਦੇ ਸਾਂਸਦ ਬਣਨ ਵਾਲੇ ਪਹਿਲੇ ਗੈਰ ਮੁਸਲਿਮ ਜੇਤੂ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਵਿਚ ਘੱਟ ਗਿਣਤੀ ਹਿੰਦੂਆਂ ਅਤੇ ਸਿੱਖਾਂ ਨੂੰ ਸੰਸਦ ਵਿਚ ਸਿੱਧੀ ਨਾਮਜ਼ਦਗੀ ਤਾਂ ਮਿਲਦੀ ਸੀ ਪਰ ਕੋਈ ਉਮੀਦਵਾਰ ਚੋਣਾਂ ਜਿੱਤ ਕੇ ਸੰਸਦ ਮੈਂਬਰ ਅੱਜ ਤੱਕ ਨਹੀਂ ਬਣਿਆ। ਇਹ ਦੋਵੇਂ ਸਿੱਖ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਰਹੇ ਹਨ। ਇਨ੍ਹਾਂ ਦਾ ਮੁਕਾਬਲਾ ਅਫ਼ਗਾਨਿਸਤਾਨ ਦੇ ਪੁਰਾਣੇ ਤਜਰਬੇਕਾਰ ਸਿਆਸਤਦਾਨਾਂ ਮੁਹੰਮਦ ਮੁਹਾਕੀਕ ਅਤੇ ਅਬਦੁਲ ਰਸੂਲ ਸਈਆਫ਼ ਨਾਲ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਤਪਾਲ ਸਿੰਘ ਪਾਲ ਨੇ ਕਿਹਾ ਕਿ ਮੈਂ ਧਰਮ ਦੇਖੇ ਬਿਨਾਂ ਨਿਰਪੱਖਤਾ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ। ਮੈਂ ਸਿੱਖ ਹੋਣ ਨਾਲੋਂ ਪਹਿਲਾਂ ਇਕ ਅਫ਼ਗਾਨ ਹਾਂ। ਜ਼ਿਕਰਯੋਗ ਹੈ ਕਿ ਪ੍ਰਿਤਪਾਲ ਸਿੰਘ ਦੇ ਮਾਪੇ ਪਸ਼ਤੂਨ ਕੌਮ ਦੀ ਬਹੁਤਾਤ ਵਾਲੇ ਪਕਤੀਆ ਵਿਚ ਰਹਿਣ ਵਾਲੇ ਸਨ। ਪਾਲ ਇਕ ਆਯੂਰਵੈਦਿਕ ਦਵਾਈਆਂ ਦੀ ਦੁਕਾਨ ਚਲਾ ਰਿਹਾ ਹੈ ਜੋ ਕਿ ਉਸਦੇ ਪਿਤਾ ਜੀ ਨੇ ਪਕਤੀਆ ਤੋਂ ਕਾਬੁਲ ਆ ਕੇ ਖੋਲ੍ਹੀ ਸੀ। ਦੂਜੇ ਪਾਸੇ ਅਨਾਰਕਲੀ ਕੌਰ ਹੋਨਾਰਿਆਰ (26) ਕਾਬੁਲ ਦੀ ਜੰਮਪਲ ਹੈ। ਉਸਦੇ ਪਿਤਾ ਕ੍ਰਿਸ਼ਨ ਸਿੰਘ ਇਕ ਇੰਜੀਨੀਅਰ ਹਨ, ਜੋ ਕਿ ਖੋਸਤ ਸੂਬੇ ਤੋਂ ਕਾਬੁਲ ਵਸ ਗਏ ਸਨ। ਹੋਨਾਰਿਆਰ ਦੀ ਮਾਤਾ ਅਫ਼ਗਾਨੀ ਮੂਲ ਦੀ ਹੈ ਅਤੇ ਉਹ ਵੀ ਪਕਤੀਆ ਸੂਬੇ ਵਿਚ ਪੈਦਾ ਹੋਈ ਸੀ।