ਆਸਟਰੇਲੀਆ ‘ਚ ਇੰਜ ਠੱਗੇ ਜਾਂਦੇ ਨੇ ਭਾਰਤੀ ਵਿਦਿਆਰਥੀ
ਵੱਡੀ ਫ਼ੀਸ ਲੈਣ ਦੇ ਬਾਵਜੂਦ ਨਹੀਂ ਦਿੱਤੀਆਂ ਜਾਂਦੀਆਂ ਸਹੂਲਤਾਂ
ਮੈਲਬਰਨ : 28 ਜੁਲਾਈ
ਸਿਡਨੀ ਦੇ ਐਵੀਏਸ਼ਨ ਕਾਲਜ (ਪਾਇਲਟਾਂ ਨੂੰ ਸਿਖਲਾਈ ਦੇਣ ਵਾਲਾ ਕਾਲਜ) ‘ਚ ਹਜ਼ਾਰਾਂ ਡਾਲਰ ਦੇ ਕੇ ਵਪਾਰਕ ਪਾਇਲਟ ਦਾ
ਲਾਇਸੰਸ ਪ੍ਰਾਪਤ ਕਰਨ ਦਾ ਸੁਪਨਾ ਵੇਖ ਰਹੇ ਕਈ ਭਾਰਤੀਆਂ ਦੀਆਂ ਭਵਿੱਖ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ। ਕਾਲਜ ਦਾ ਇਹ ਘੁਟਾਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਏ ਬੀ ਸੀ ਟੀ ਵੀ ਨੇ ਆਪਣੇ ਪ੍ਰੋਗਰਾਮ ''ਫੋਰ ਕਾਰਨਰਜ਼‘‘ ‘ਚ ਇਸ ਗੱਲ ਦਾ ਖ਼ੁਲਾਸਾ ਕੀਤਾ ਕਿ ਕਿਵੇਂ ਪਰਵਾਸੀ ਤੇ ਸਿੱਖਿਆ ਸਬੰਧੀ ਦਲਾਲ ਭਾਰਤੀ ਵਿਦਿਆਰਥੀਆਂ ਨੂੰ ਠੱਗ ਰਹੇ ਹਨ। ਪ੍ਰੋਗਰਾਮ ‘ਚ ਏਅਰੋਸਪੇਸ ਐਵੀਏਸ਼ਨ ਕਾਲਜ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਇਹ ਭਾਰਤੀ ਵਿਦਿਆਰਥੀਆਂ ਨਾਲ ਮੰਦਾ ਵਿਵਹਾਰ ਕਰਨ ਦੇ ਨਾਲ-ਨਾਲ ਕੌਮਾਂਤਰੀ ਵਿਦਿਆਰਥੀਆਂ ਦਾ ਸੋਸ਼ਣ ਵੀ ਕਰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਕਾਲਜ ਵੱਲੋਂ 43,500 ਡਾਲਰ ਦੇ ਐਵੀਏਸ਼ਨ ਸਿਖਲਾਈ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ 52 ਹਫ਼ਤਿਆਂ ਦੌਰਾਨ 200 ਘੰਟੇ ਦੀ ਟਰੇਨਿੰਗ ਦੇਣ ਦੀ ਗੱਲ ਕਹੀ ਗਈ ਸੀ ਪਰ ਵਿਦਿਆਰਥੀਆਂ ਮੁਤਾਬਕ ਕਾਲਜ ਨੇ ਉਨ੍ਹਾਂ ਨੂੰ ਇਕ ਘੰਟਾ ਵੀ ਸਿਖਲਾਈ ਨਹੀਂ ਦਿੱਤੀ। ਇਸ ਤੋਂ ਇਲਾਵਾ ਕਾਲਜ ਕੋਲ ਕੋਈ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਵੀ ਉਪਲੱਬਧ ਨਹੀਂ ਸਨ। ਇਕ ਵਿਦਿਆਰਥੀ ਸੁਰਿੰਦਰ ਏਗਾਲਾਪਾਤੀ ਨੇ ਦੋਸ਼ ਲਗਾਇਆ ਕਿ ਉਸ ਨੂੰ 18 ਮਹੀਨਿਆਂ ਦੌਰਾਨ ਸਿਰਫ਼ 130 ਘੰਟਿਆਂ ਦੀ ਸਿਖਲਾਈ ਦਿੱਤੀ ਗਈ, ਜਦੋਂ ਕਿ ਇਕ ਹੋਰ ਸਾਬਕਾ ਵਿਦਿਆਰਥੀ ਸਕਾਟ ਅਲੈਕਸ ਨੇ ਕਿਹਾ ਕਿ ਕਾਲਜ ‘ਚ ਭਾਰਤੀ ਵਿਦਿਆਰਥੀਆਂ ਨਾਲ ਕੀਤਾ ਜਾਂਦਾ ਵਰਤਾਅ ਸਹਿਣਯੋਗ ਨਹੀਂ।
ਅਲੈਕਸ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਭਾਰਤੀ ਵਿਦਿਆਰਥੀਆਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਜਾਂਦਾ ਸੀ। ਇਕ ਹੋਰ ਵਿਦਿਆਰਥੀ ਵਿਸ਼ਾਲ ਸਾਸਵਤ ਨੇ ਕਿਹਾ ਕਿ ਕਾਲਜ ਕੋਲ ਲੋੜੀਂਦੇ ਜਹਾਜ਼ ਤੇ ਅਧਿਆਪਕ ਨਹੀਂ ਹਨ। ਕਈ ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਕਾਲਜ ਪ੍ਰਬੰਧਕਾਂ ਦੀ ਸ਼ਿਕਾਇਤ ਕਰਨ ਤੋਂ ਬਾਅਦ ਵੀ ਕਾਲਜ ਵੱਲੋਂ ਉਨ੍ਹਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ।
ਗੱਲ ਇੱਥੇ ਹੀ ਨਹੀਂ ਰੁਕੀ, ਇਸ ਘੁਟਾਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਭਾਰਤੀ ਦਲਾਲਾਂ ਦੇ ਦਫ਼ਤਰਾਂ ‘ਤੇ ਛਾਪਾਮਾਰੀ ਕੀਤੀ। ਆਸਟਰੇਲੀਆਈ ਪੁਲਿਸ ਅਨੁਸਾਰ ਇਹ ਦਲਾਲ ਵਿਦਿਆਰਥੀਆਂ ਨੂੰ ਫ਼ਰਜ਼ੀ ਦਸਤਾਵੇਜ਼ ਉਪਲੱਬਧ ਕਰਵਾਉਾਂਦੇ ਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਇਕ ਭਾਰਤੀ ਔਰਤ ਨੇ ਦੋਸ਼ ਲਗਾਇਆ ਸੀ ਕਿ ਪੂਰੀ ਫ਼ੀਸ ਦੇਣ ਦੇ ਬਾਵਜੂਦ ਉਸ ਦੇ ਪੁੱਤਰ ਨੂੰ ਲਾਇਸੰਸ ਨਹੀਂ ਦਿੱਤਾ ਗਿਆ। ਇਹ ਔਰਤ ਆਪਣੇ ਪੁੱਤਰ ਨਾਲ ਭਾਰਤ ‘ਚ ਆਸਟਰੇਲੀਆਈ ਅਧਿਕਾਰੀਆਂ ਦੇ ਉਚ ਪੱਧਰੀ ਵਫ਼ਦ, ਪੁਲਿਸ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਮਿਲੀ ਸੀ।
ਇਸ ਮਾਮਲੇ ‘ਚ ਆਪਣਾ ਪੱਖ ਰੱਖਦਿਆਂ ਕਾਲਜ ਦੇ ਡਾਇਰੈਕਟਰ ਸਯੂਡੈਵਿਸ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਹਰੇਕ ਦੇਸ਼ ਦੇ ਵਿਦਿਆਰਥੀ ਦਾ ਸਵਾਗਤ ਕਰਦੇ ਹਾਂ।