ਬਾਦਲ ਵੱਲੋਂ ਬਨੂੜ ਹਲਕੇ ਦਾ ਦੌਰਾ
ਬਨੂੜ, ਲਾਲੜੂ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੋਕੇ ਨਾਲ ਜੂਝ ਰਹੇ ਕਿਸਾਨਾਂ ਨੂੰ ਸੌ ਫੀਸਦੀ ਰਾਹਤ ਕੇਂਦਰ ਵੱਲੋਂ ਖੁਦ ਦਿੱਤੀ ਜਾਣੀ ਚਾਹੀਦੀ ਹੈ। ਬਨੂੜ, ਖਰੜ ਤੇ ਰਾਜਪੁਰਾ ਹਲਕਿਆਂ ‘ਚੋਂ
ਨਿਕਲਣ ਵਾਲੀ ਪ੍ਰਸਤਾਵਿਤ ਦਸ਼ਮੇਸ਼ ਨਹਿਰ ਦਾ ਕੰਮ ਕੇਂਦਰ ਸਰਕਾਰ ਨੇ ਠੱਪ ਕਰ ਦਿੱਤਾ ਹੈ। ਇਹ ਸ਼ਬਦ ਉਨ੍ਹਾਂ ਬਨੂੜ ਵਿਖੇ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੌਰਾਨ ਕਹੇ। ਜਸਜੀਤ ਸਿੰਘ ਬਨੀ ਨੂੰ ਚੋਣ ਜਿੱਤਣ ਤੋਂ ਬਾਅਦ ਕੈਬਨਿਟ ਵਿਚ ਸ਼ਾਮਲ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਨੇ ਕਰਨਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਉਨ੍ਹਾਂ ਟਿੱਪਣੀ ਕਰਦੇ ਹੋਏ ਕਿਹਾ ਕਿ ਰਾਜਾ ਸਾਹਿਬ ਐਸ਼ ਫਰਮਾ ਰਹੇ ਹਨ। ਉਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਸਬੰਧੀ ਵਿਹਲ ਨਹੀਂ। ਉਨ੍ਹਾਂ ਨੂੰ ਐਸ਼ ਹੀ ਕਰਦੇ ਰਹਿਣ ਦਿਓ। ਅਕਾਲੀ-ਭਾਜਪਾ ਸਬੰਧਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗਠਜੋੜ ਦੇ ਸੁਖਾਵੇਂ ਸਬੰਧ ਹਨ, ਬਹੁਤ ਪੁਰਾਣਾ ਤੇ ਨਿੱਘਾ ਰਿਸ਼ਤਾ ਹੈ।
ਇਸ ਤੋਂ ਪਹਿਲਾਂ ਸ੍ਰੀ ਬਾਦਲ ਨੇ ਬਨੂੜ ਦੀ ਅਨਾਜ ਮੰਡੀ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦੀ ਬੇਵਕਤੀ ਮੌਤ ਪਿੱਛੋਂ ਪਰਿਵਾਰ, ਹਲਕਾ, ਪਾਰਟੀ ਅਤੇ ਪੰਥ ਬੇਸਹਾਰਾ ਹੋ ਗਿਆ ਹੈ। ਇਨ੍ਹਾਂ ਦੀ ਪੂਰਤੀ ਲਈ ਪਾਰਟੀ ਨੇ ਉਨ੍ਹਾਂ ਦੇ ਸਪੁੱਤਰ ਜਸਜੀਤ ਸਿੰਘ ਬਨੀ ਨੂੰ ਟਿਕਟ ਦਿੱਤਾ ਹੈ। ਇਸ ਲਈ ਕੈਪਟਨ ਕੰਵਲਜੀਤ ਸਿੰਘ ਵੱਲੋਂ ਹਲਕੇ ਦਾ ਕੀਤਾ ਅਥਾਹ ਵਿਕਾਸ ਅਤੇ ਫਰਜ਼ਾਂ ਦੀ ਅਦਾਇਗੀ ਲਈ ਬਨੀ ਨੂੰ ਵੱਡੀ ਲੀਡ ਨਾਲ ਜਿਤਾਓ। ਬਲਾਕ ਸੰਮਤੀ ਰਾਜਪੁਰਾ ਦੇ ਚੇਅਰਪਰਸਨ ਸ੍ਰੀਮਤੀ ਨਰਿੰਦਰ ਕੌਰ ਧਰਮਗੜ੍ਹ ਅਤੇ ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ ਗੁਲਸ਼ਨ ਕੌਰ ਨੇ ਵੀ ਭਰਵੇਂ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕਿਰਪਾਲ ਸਿੰਘ ਬਡੂੰਗਰ, ਸਤਵਿੰਦਰ ਕੌਰ ਧਾਲੀਵਾਲ, ਨਰਿੰਦਰ ਕੌਰ, ਗੋਬਿੰਦ ਲੌਂਗੋਵਾਲ, ਦਲਜੀਤ ਸਿੰਘ ਚੀਮਾ, ਸ੍ਰੀਮਤੀ ਸੰਜੀਤ ਕੌਰ, ਹਰਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਸੰਧੂ, ਦੀਦਾਰ ਸਿੰਘ ਭੱਟੀ ਵਿਧਾਇਕ ਸਰਹਿੰਦ, ਬਚਨ ਸਿੰਘ ਧਰਮਗੜ੍ਹ ਆਦਿ ਵੀ ਹਾਜ਼ਰ ਸਨ। ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਦੱਪਰ ਅਤੇ ਤ੍ਰਿਵੇਦੀ ਕੈਂਪ ਵਿਖੇ ਵੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਦੱਪਰ ਜ਼ੋਨ ਦੀਆਂ 11 ਪੰਚਾਇਤਾਂ, ਬਲਾਕ ਸੰਮਤੀ ਮੈਂਬਰਾਂ ਅਤੇ ਯੂਵਕ ਸੇਵਾਵਾਂ ਕਲੱਬ ਵੱਲੋਂ ਸ. ਬਾਦਲ ਨੂੰ ਸਨਮਾਨਤ ਵੀ ਕੀਤਾ ਗਿਆ।